ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਗ ਦਾ ਮੈਦਾਨ ਕਿਸੇ ਸਮੱਸਿਆ ਦਾ ਹੱਲ ਨਹੀਂ: ਪ੍ਰਧਾਨ ਮੰਤਰੀ ਮੋਦੀ

ਖਿੱਤੇ ’ਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਹਰ ਸੰਭਵ ਸਹਿਯੋਗ ਦਾ ਵਾਅਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੋਲਿਸ਼ ਹਮਰੁਤਬਾ ਡੋਨਲਡ ਟਸਕ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਹੁਨਰਮੰਦ ਕਾਮਿਆਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ ਸੁਰੱਖਿਆ ਸਮਝੌਤਾ ਸਹੀਬੰਦ

* ਟਰੇਨ ਰਾਹੀਂ ਯੂਕਰੇਨ ਲਈ ਰਵਾਨਾ

Advertisement

ਵਾਰਸਾ, 22 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਰਵਾਨਾ ਹੋਣ ਤੋਂ ਪਹਿਲਾਂ ਅੱਜ ਕਿਹਾ ਕਿ ਭਾਰਤ ਇਹ ਮੰਨਦਾ ਹੈ ਕਿ ਜੰਗ ਦਾ ਮੈਦਾਨ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਬੁੱਧਵਾਰ ਨੂੰ ਦੋ ਰੋਜ਼ਾ ਫੇਰੀ ਲਈ ਪੋਲੈਂਡ ਪੁੱਜੇ ਸ੍ਰੀ ਮੋਦੀ ਨੇ ਉਪਰੋਕਤ ਟਿੱਪਣੀਆਂ ਪੋਲਿਸ਼ ਪ੍ਰਧਾਨ ਮੰਤਰੀ ਡੋਨਲਡ ਟਸਕ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਉਪਰੰਤ ਕੀਤੀਆਂ। ਦੋਵਾਂ ਆਗੂਆਂ ਨੇ ਭਾਰਤ-ਪੋਲੈਂਡ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਵਿੱਚ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਹੁਨਰਮੰਦ ਕਾਮਿਆਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਜਿਕ ਸੁਰੱਖਿਆ ਸਮਝੌਤੇ ’ਤੇ ਵੀ ਦਸਤਖਤ ਕੀਤੇ।

ਦੋ ਮੁਲਕੀ ਫੇਰੀ ਦੇ ਦੂਜੇ ਪੜਾਅ ਤਹਿਤ ਸ੍ਰੀ ਮੋਦੀ ਕੀਵ ਜਾਣਗੇ। ਯੂਕਰੇਨ ਵਿਚ ਸੱਤ ਘੰਟਿਆਂ ਦੀ ਆਪਣੀ ਠਹਿਰ ਦੌਰਾਨ ਸ੍ਰੀ ਮੋਦੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਆਹਮੋ-ਸਾਹਮਣੀ ਤੇ ਵਫ਼ਦ ਪੱਧਰੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੀਰਵਾਰ ਦੇਰ ਸ਼ਾਮ ਨੂੰ ਟਰੇਨ ਰਾਹੀਂ ਕੀਵ ਲਈ ਨਿਕਲਣਗੇ ਤੇ ਇਹ ਸਫ਼ਰ 10 ਘੰਟਿਆਂ ਵਿਚ ਪੂਰਾ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਅਮਰੀਕੀ ਸਦਰ ਜੋਅ ਬਾਇਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ ਜਰਮਨ ਚਾਂਸਲਰ ਓਲਫ ਸ਼ੁਲਜ਼ ਸਣੇ ਕਈ ਆਲਮੀ ਆਗੂ ਕੀਵ ਦੌਰੇ ਲਈ ਟਰੇਨ ਦਾ ਸਫ਼ਰ ਕਰ ਚੁੱਕੇ ਹਨ। ਮੋਦੀ-ਟਸਕ ਬੈਠਕ ਉੁਪਰੰਤ ਜਾਰੀ ਸਾਂਝੇ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਕੌਮਾਂਤਰੀ ਕਾਨੂੰਨ ਦੀ ਪਾਲਣਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੂਜੇ ਮੁਲਕ ਦੀ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਜਾਂ ਸਿਆਸੀ ਆਜ਼ਾਦੀ ਖਿਲਾਫ਼ ਡਰਾਵੇ ਜਾਂ ਤਾਕਤ ਦੀ ਵਰਤੋਂ ਤੋਂ ਬਚਣ।

ਪੋਲਿਸ਼ ਹਮਰੁਤਬਾ ਟਸਕ ਨਾਲ ਗੱਲਬਾਤ ਮਗਰੋਂ ਸ੍ਰੀ ਮੋਦੀ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕਿਹਾ, ‘‘ਯੂਕਰੇਨ ਤੇ ਪੱਛਮੀ ਏਸ਼ੀਆ ਵਿਚ ਜਾਰੀ ਟਕਰਾਅ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਭਾਰਤ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਜੰਗ ਦੇ ਮੈਦਾਨ ਵਿਚ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕਦਾ। ਕਿਸੇ ਵੀ ਸੰਕਟ ਵਿਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਾਣੀਆਂ ਪੂਰੀ ਮਨੁੱਖਤਾ ਲਈ ਵੱਡੀ ਚੁਣੌਤੀ ਹੈ। ਅਸੀਂ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਸੰਵਾਦ ਤੇ ਕੂਟਨੀਤੀ ਦੀ ਵਕਾਲਤ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਇਸ ਲਈ, ਭਾਰਤ ਆਪਣੇ ਹਿਤੈਸ਼ੀ ਮੁਲਕਾਂ ਨੂੰ ਨਾਲ ਲੈ ਕੇ ਹਰ ਸੰਭਵ ਹਮਾਇਤ ਮੁਹੱਈਆ ਕਰਵਾਉਣ ਲਈ ਤਿਆਰ ਹੈ।’’ ਸ੍ਰੀ ਮੋਦੀ ਦੋ ਮੁਲਕੀ ਫੇਰੀ ਦੇ ਪਹਿਲੇ ਪੜਾਅ ਤਹਿਤ ਬੁੱਧਵਾਰ ਨੂੰ ਵਾਰਸਾ ਪਹੁੰਚੇ ਸਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕਰੀਬ ਅੱਧੀ ਸਦੀ ਮਗਰੋਂ ਪੋਲੈਂਡ ਦੀ ਪਲੇਠੀ ਫੇਰੀ ਹੈ।

ਉਨ੍ਹਾਂ ਕਿਹਾ, ‘‘ਅੱਜ ਦਾ ਦਿਨ ਭਾਰਤ ਤੇ ਪੋਲੈਂਡ ਦੇ ਰਿਸ਼ਤਿਆਂ ਵਿਚ ਬਹੁਤ ਅਹਿਮ ਹੈ। ਅੱਜ 45 ਸਾਲਾਂ ਮਗਰੋਂ ਕੋਈ ਭਾਰਤੀ ਪ੍ਰਧਾਨ ਮੰਤਰੀ ਪੋਲੈਂਡ ਦੇ ਦੌਰੇ ’ਤੇ ਆਇਆ ਹੈ।’’ ਉਨ੍ਹਾਂ ਕਿਹਾ, ‘‘ਇਸ ਸਾਲ ਅਸੀਂ ਆਪਣੇ ਕੂਟਨੀਤਕ ਰਿਸ਼ਤਿਆਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਮੌਕੇ ਅਸੀਂ ਰਿਸ਼ਤਿਆਂ ਨੂੰ ਰਣਨੀਤਕ ਸਬੰਧਾਂ ਵਿਚ ਬਦਲਣ ਦਾ ਫੈਸਲਾ ਕੀਤਾ ਹੈ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਪੋਲੈਂਡ ਕੌਮਾਂਤਰੀ ਮੰਚ ’ਤੇੇ ਇਕ ਦੂਜੇ ਨਾਲ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਦੋਵੇਂ ਸਹਿਮਤ ਹਾਂ ਕਿ ਆਲਮੀ ਚੁਣੌਤੀਆਂ ਦੇ ਟਾਕਰੇ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਸਮੇਂ ਦੀ ਲੋੜ ਹਨ।’’ -ਪੀਟੀਆਈ

ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਭਾਰਤੀ ਭਾਈਚਾਰੇ ਦਾ ਧੰਨਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਲੈਂਡ ਦੇ ਰਾਸ਼ਟਰਪਤੀ ਮਾਈਕਲ ਸਪਿਕਜ਼ੋ ਅਤੇ ਪੋਲੈਂਡ ਕਬੱਡੀ ਫੈਡਰੇਸ਼ਨ ਦੀ ਮੈਂਬਰ ਐਨਾ ਕਾਲਬਰਜ਼ਾਇਕ ਨਾਲ ਟੀ-ਸ਼ਰਟ ਜਾਰੀ ਕਰਦੇ ਹੋਏ। -ਫੋਟੋ: ਏਐੱਨਆਈ

ਵਾਰਸਾ:

ਯੂਕਰੇਨ ਦੀ ਆਪਣੀ ਪਲੇਠੀ ਫੇਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮ ਨੂੰ ਪੋਲੈਂਡ ਦੀ ਰਾਜਧਾਨੀ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੱਲੋਂ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਤੇ ਅਪਰੇਸ਼ਨ ਗੰਗਾ (ਰੂਸ ਵੱਲੋਂ ਕੀਤੇ ਹਮਲੇ ਦੌਰਾਨ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਵਿੱਢਿਆ ਅਪਰੇਸ਼ਨ) ਦੀ ਸਫ਼ਲਤਾ ਲਈ ਪਾਏ ਯੋਗਦਾਨ ਦੀ ਤਾਰੀਫ਼ ਕੀਤੀ। ਸ੍ਰੀ ਮੋਦੀ ਨੇ ਪੋਲੈਂਡ ਨਾਲ ਵਿਸ਼ੇਸ਼ ਸਾਂਝ ਨੂੰ ਮਜ਼ਬੂਤ ਕਰਨ ਲਈ ਜਾਮਸਾਹਿਬ ਮੈਮੋਰੀਅਲ ਯੂਥ ਐਕਸਚੇਂਜ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ਤਹਿਤ 20 ਪੋਲਿਸ਼ ਵਿਦਿਆਰਥੀਆਂ ਨੂੰ ਹਰ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ ਜਾਵੇਗਾ। ਸ੍ਰੀ ਮੋਦੀ ਨੇ 2001 ਵਿਚ ਗੁਜਰਾਤ ’ਚ ਆਏ ਭੂਚਾਲ ਦੌਰਾਨ ਪੋਲੈਂਡ ਵੱਲੋਂ ਕੀਤੀ ਮਦਦ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਖਿੱਤੇ ਵਿਚ ਸਥਾਈ ਅਮਨ ਦਾ ਹਿਤੈਸ਼ੀ ਰਿਹਾ ਹੈ ਤੇ ਕਿਸੇ ਵੀ ਝਗੜੇ ਨੂੰ ਕੂਟਨੀਤੀ ਤੇ ਸੰਵਾਦ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦਹਾਕਿਆਂ ਤੱਕ ਭਾਰਤ ਦੂਜੇ ਮੁਲਕਾਂ ਨਾਲੋਂ ਦੂਰੀ ਬਣਾ ਕੇ ਰੱਖਣ ਦੀ ਆਪਣੀ ਨੀਤੀ ’ਤੇ ਚੱਲਦਾ ਰਿਹਾ। ਮੋਦੀ-ਮੋਦੀ ਦੇ ਨਾਅਰਿਆਂ ਦਰਮਿਆਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਭਾਰਤ ਦੀ ਨੀਤੀ ਸਾਰੇ ਮੁਲਕਾਂ ਨਾਲ ਨੇੜਤਾ ਬਣਾ ਕੇ ਰੱਖਣ ਦੀ ਹੈ। ਉਨ੍ਹਾਂ ਇਕੱਠ ਨੂੰ ਕਿਹਾ, ‘‘ਭਾਰਤ ਖਿੱਤੇ ਵਿਚ ਸਥਾਈ ਸ਼ਾਂਤੀ ਦੀ ਵਕਾਲਤ ਕਰਦਾ ਰਿਹਾ ਹੈ। ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ...ਇਹ ਜੰਗ ਦਾ ਯੁੱਗ ਨਹੀਂ ਹੈ। ਇਹ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਦਾ ਇਕੱਠੇ ਹੋ ਕੇ ਟਾਕਰਾ ਕਰਨ ਦਾ ਵੇਲਾ ਹੈ। ਇਹੀ ਵਜ੍ਹਾ ਹੈ ਕਿ ਭਾਰਤ ਕੂਟਨੀਤੀ ਤੇ ਸੰਵਾਦ ਵਿਚ ਵਿਸ਼ਵਾਸ ਰੱਖਦਾ ਹੈ।’’ -ਪੀਟੀਆਈ

Advertisement
Tags :
Donald TuskPM Narendra ModiPolandPunjabi khabarPunjabi NewsUkraine