ਬਘੇਲ ਵੱਲੋਂ ਕਾਂਗਰਸੀਆਂ ਨੂੰ ਤਾੜਨਾ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਦੀ ਮੁਅੱਤਲੀ ਦੇ ਮਾਮਲੇ ’ਤੇ ਪੰਜਾਬ ਕਾਂਗਰਸ ਦੀ ਪਿੱਠ ਥਾਪੜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਚੁੱਪ ਰਹਿਣ ਦੀ ਤਾੜਨਾ ਵੀ ਕੀਤੀ ਹੈ।
ਚੇਤੇ ਰਹੇ ਕਿ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ’ਚ ਛਿੜੇ ਕਲੇਸ਼ ਕਾਰਨ ਪਾਰਟੀ ਨੂੰ ਵੱਡੀ ਸਿਆਸੀ ਸੱਟ ਵੱਜੀ ਹੈ। ਕਾਂਗਰਸ ਹਾਈ ਕਮਾਨ ਨੇ ਇਸ ਮਾਮਲੇ ’ਤੇ 13 ਦਸੰਬਰ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੀ 14 ਦਸੰਬਰ ਨੂੰ ਸਮਾਪਤੀ ਮਗਰੋਂ ਸਿੱਧੂ ਜੋੜੇ ਵੱਲੋਂ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਿੱਲੀ ’ਚ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਨਵਜੋਤ ਕੌਰ ਸਿੱਧੂ ਦੇ ਮਾਮਲੇ ’ਤੇ ਪੰਜਾਬ ਕਾਂਗਰਸ ਨੂੰ ਲੱਗੀ ਢਾਹ ਅਤੇ ਇਸ ਦੇ ਸਿਆਸੀ ਅਸਰਾਂ ਤੋਂ ਜਾਣੂ ਕਰਾਇਆ। ਸ੍ਰੀ ਵੜਿੰਗ ਨੇ ਉਨ੍ਹਾਂ ਨੂੰ ਦੱਸਿਆ ਕਿ ਅਨੁਸ਼ਾਸਨ ਦੇ ਮਾਮਲੇ ’ਚ ਵਰਤੀ ਗਈ ਕੋਈ ਵੀ ਢਿੱਲ ਪਾਰਟੀ ’ਤੇ ਭਾਰੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਘੇਲ ਨਾਲ ਮੀਟਿੰਗ ਪਾਰਟੀ ਦੇ ਢਾਂਚੇ ਦੀ ਮਜ਼ਬੂਤੀ ਨੂੰ ਲੈ ਕੇ ਸੀ। ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ। ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਮਾਮਲੇ ’ਤੇ ਕਿਹਾ ਕਿ ਇੱਕ ਮੁੱਦੇ ’ਤੇ ਵਾਰ-ਵਾਰ ਗੱਲ ਕਰਨਾ ਠੀਕ ਨਹੀਂ ਹੈ।
ਭੂਪੇਸ਼ ਬਘੇਲ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਜੋ ਆਪਣੇ ਆਪ ’ਚ ਵੱਡੀ ਕਾਰਵਾਈ ਹੈ। ਪਾਰਟੀ ਦੇ ਅਨੁਸ਼ਾਸਨ ਤੋਂ ਕੋਈ ਵੱਡਾ ਨਹੀਂ ਹੋ ਸਕਦਾ। ਪਾਰਟੀ ’ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸ੍ਰੀ ਬਘੇਲ ਦੀ ਇਸ ਟਿੱਪਣੀ ਤੋਂ ਜਾਪਦਾ ਹੈ ਕਿ ਉਹ ਨਵਜੋਤ ਕੌਰ ਸਿੱਧੂ ਖ਼ਿਲਾਫ਼ ਪੰਜਾਬ ਕਾਂਗਰਸ ਵੱਲੋਂ ਕੀਤੀ ਕਾਰਵਾਈ ਦੇ ਮਾਮਲੇ ’ਚ ਵੜਿੰਗ ਦੀ ਪਿੱਠ ’ਤੇ ਹਨ। ਸ੍ਰੀ ਬਘੇਲ ਨੇ ਆਗੂਆਂ ਨੂੰ ਇਸ ਮਾਮਲੇ ’ਤੇ ਮੀਡੀਆ ਅੱਗੇ ਚੁੱਪ ਰਹਿਣ ਲਈ ਕਿਹਾ ਹੈ। ਉਧਰ, ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਅੱਜ ਅੰਮ੍ਰਿਤਸਰ ’ਚ ਹਮਾਇਤੀ ਕੌਂਸਲਰਾਂ ਅਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਾਨੂੰਨੀ ਸਲਾਹਕਾਰਾਂ ਨਾਲ ਵੀ ਮਸ਼ਵਰੇ ਕੀਤੇ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸੀ ਕਲੇਸ਼ ’ਚੋਂ ਆਪਣਾ ਸਿਆਸੀ ਮੁਨਾਫ਼ਾ ਦੇਖ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਮਲੇ ’ਤੇ ਖੁੱਲ੍ਹ ਕੇ ਨਹੀਂ ਬੋਲ ਰਿਹਾ ਹੈ।
