ਬੱਬਰ ਖਾਲਸਾ ਦੇ ਅਤਿਵਾਦੀ ਪਰਮਿੰਦਰ ਪਿੰਦੀ ਦੁਬਈ ਤੋਂ ਭਾਰਤ ਲਿਆਂਦਾ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅਤਿਵਾਦੀ ਨੂੰ UAE ਤੋਂ ਹਵਾਲੇ ਕਰਕੇ ਭਾਰਤ ਲਿਆਂਦਾ ਗਿਆ ਹੈ।
ਡੀਜੀਪੀ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਅਤਿਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਆ ਦੇ ਕਰੀਬੀ ਸਾਥੀ ਪਰਮਿੰਦਰ ਸਿੰਘ ਉਰਫ਼ ਪਿੰਦੀ ਨੂੰ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ UAE ਦੇ ਅਬੂ ਧਾਬੀ ਤੋਂ ਲਿਆਂਦਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਦੀ ਬਟਾਲਾ, ਗੁਰਦਾਸਪੁਰ ਵਿੱਚ ਪੈਟਰੋਲ ਬੰਬ ਹਮਲਿਆਂ, ਹਿੰਸਕ ਹਮਲਿਆਂ ਅਤੇ ਫਿਰੌਤੀ ਸਮੇਤ ਕਈ ਅਪਰਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਪਰਮਿੰਦਰ ਸਿੰਘ ਉਰਫ਼ ਪਿੰਦੀ ਕਈ ਸਾਲਾਂ ਤੋਂ, ਖਾਸ ਤੌਰ 'ਤੇ 2023 ਤੱਕ, ਅਪਰਾਧਿਕ ਅਤੇ ਅਤਿਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜਿਸ ਦੀਆਂ ਕਾਰਵਾਈਆਂ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਤੇਜ਼ ਹੋ ਗਈਆਂ ਸਨ।
ਉਸ ਦੀ ਪਛਾਣ ਪਾਕਿਸਤਾਨ ਸਥਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਆ ਦੇ ਸਮਰਥਨ ਵਾਲੇ ਅਤਿਵਾਦੀ ਫੰਡਿੰਗ ਮਾਡਿਊਲ ਦੇ ਸਥਾਨਕ ਹੈਂਡਲਰ ਵਜੋਂ ਹੋਈ ਸੀ। ਉਹ ਸਤੰਬਰ ਅਤੇ ਅਕਤੂਬਰ 2023 ਵਿੱਚ ਸ਼ਰਾਬ ਦੇ ਠੇਕਿਆਂ 'ਤੇ ਹਮਲੇ ਕਰਵਾਉਣ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ 10 ਦਿਨਾਂ ਦੇ ਅਪਰੇਸ਼ਨ ਤੋਂ ਬਾਅਦ ਉਸਦੇ ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਭਾਰਤ ਤੋਂ ਭੱਜਣ ਤੋਂ ਬਾਅਦ ਪਿੰਦੀ ਲਗਪਗ ਇੱਕ ਸਾਲ ਤੱਕ ਫਰਾਰ ਰਿਹਾ। ਪੰਜਾਬ ਪੁਲੀਸ ਦੀ ਬੇਨਤੀ ’ਤੇ 13 ਜੂਨ, 2025 ਨੂੰ ਇੰਟਰਪੋਲ ਵੱਲੋਂ ਉਸ ਖ਼ਿਲਾਫ਼ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।