Azamgarh: ਮਸਜਿਦ ’ਤੇ ਸਾਊਦੀ ਅਰਬ ਦਾ ਝੰਡਾ ਲਹਿਰਾਉਣ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ’ਚ ਪੁਲੀਸ ਨੇ ਅਤਰੌਲੀਆ ਥਾਣਾ ਖੇਤਰ ਦੀ ਇੱਕ ਮਸਜਿਦ ’ਤੇ ਸਾਊਦੀ ਅਰਬ ਦਾ ਝੰਡਾ ਲਹਿਰਾਏ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ 25 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਝੰਡਾ ਹਟਾ ਦਿੱਤਾ ਅਤੇ ਮੁਲਜ਼ਮ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਘਟਨਾ ਅਤਰੌਲੀਆ ਥਾਣਾ ਖੇਤਰ ਦੇ ਕਡਸਰਾ ਸ਼ਿਵਦਾਸ ਕਾ ਪੁਰਾ ਪਿੰਡ ’ਚ ਵਾਪਰੀ ਜਿੱਥੇ ਬੀਤੇ ਦਿਨ ਨੂਰੀ ਮਸਜਿਦ ਦੇ ਮੀਨਾਰ ’ਤੇ ਕਥਿਤ ਤੌਰ ’ਤੇ ਸਾਊਦੀ ਅਰਬ ਦਾ ਝੰਡਾ ਲਹਿਰਾਇਆ ਗਿਆ ਸੀ। ਘਟਨਾ ਦੀ ਵੀਡੀਓ ’ਚ ਮਸਜਿਦ ਦੇ ਮੀਨਾਰ ’ਤੇ ਸਾਊਦੀ ਅਰਬ ਦਾ ਝੰਡਾ ਲਹਿਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਸਾਹਮਣੇ ਆਉਣ ਮਗਰੋਂ ਐੱਸ ਆਈ ਜ਼ਫਰ ਆਯੂਬ ਹੋਰ ਪੁਲੀਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਤੇ ਝੰਡਾ ਹਟਾ ਦਿੱਤਾ। ਪੁਲੀਸ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਕੜਸਰਾ ਸ਼ਿਵਦਾਸ ਕਾ ਪੁਰਾ ਦੇ ਵਸਨੀਕ ਇੱਕ ਨੌਜਵਾਨ ਨੇ ਇਹ ਝੰਡਾ ਲਹਿਰਾਇਆ ਸੀ।