Axiom 4 Mission ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰਨਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 25 ਜੂਨ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਤਿੰਨ ਹੋਰਨਾ ਯਾਤਰੀਆਂ ਨਾਲ Axiom 4 ਮਿਸ਼ਨ ਤਹਿਤ ਅੱਜ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 12:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਅਤੇ ਐਕਸੀਓਮ ਸਪੇਸ ਦੇ AX-4 ਮਿਸ਼ਨ ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਏ ਹਨ।
ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਪੂ ਤੇ ਪੋਲੈਂਡ ਦੇ ਸਲਾਵੋਜ ਉਜਨਾਂਸਕੀ ਵਿਸਨੀਵਸਕੀ ਮਿਸ਼ਨ ਮਾਹਿਰ ਵਜੋਂ ਸ਼ਾਮਲ ਹਨ।
ਇਹ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਲਾਂਚ ਕੀਤੇ ਜਾਣ ਵਾਲਾ ਚੌਥਾ ਨਿੱਜੀ ਪੁਲਾੜ ਮਿਸ਼ਨ ਹੈ। ਸ਼ੁਰੂ ਵਿੱਚ ਇਸ ਮਿਸ਼ਨ ਦੀ ਲਾਂਚਿੰਗ ਮਿਤੀ 29 ਮਈ ਨਿਰਧਾਰਤ ਕੀਤੀ ਗਈ ਸੀ, ਪਰ ਤਕਨੀਕੀ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ।
ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਣ ਭਰਨੀ ਸੀ, ਪਰ ਫਾਲਕਨ 9 ਰਾਕੇਟ ਦੇ ਬੂਸਟਰ ਵਿਚ ਤਰਲ ਆਕਸੀਜਨ ਦੇ ਰਿਸਾਅ ਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ, ਫਿਰ 10 ਜੂਨ ਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ। ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇਕ ਫਾਰ ਫਿਰ ਟਲੀ। ਉਪਰੰਤ ਨਾਸਾ ਨੇ ਰੂਸੀ ਮਾਡਿਊਲ ਵਿਚ ਮੁਰੰਮਤ ਕਾਰਜਾਂ ਤੋਂ ਬਾਅਦ ਓਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲਾਂਚ ਦੀ ਤਰੀਕ 22 ਜੂਨ ਨਿਰਧਾਰਿਤ ਕੀਤੀ।
ਲਖਨਊ ਵਿੱਚ ਜਨਮੇ ਸ਼ੁਭਾਂਸ਼ੂ ਸ਼ੁਕਲਾ ਦੀ ਇਸ ਇਤਿਹਾਸਕ ਉਡਾਣ ਨੂੰ ਭਾਰਤ ਦੇ ਪੁਲਾੜ ਇਤਿਹਾਸ ਵਿੱਚ ਇੱਕ ਨਵੀਂ ਪ੍ਰਾਪਤੀ ਵਜੋਂ ਦਰਜ ਕੀਤਾ ਗਿਆ ਹੈ। ਉਡਾਣ ਤੋਂ ਪਹਿਲਾਂ, ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ 'ਤੇ ਮਾਣ ਹੈ ਅਤੇ ਇਹ ਮਿਸ਼ਨ ਵਿਗਿਆਨ ਅਤੇ ਪੁਲਾੜ ਖੋਜ ਦੀ ਦਿਸ਼ਾ ਵਿੱਚ ਵਿਸ਼ਵਵਿਆਪੀ ਭਾਈਵਾਲੀ ਦਾ ਪ੍ਰਤੀਕ ਹੈ।
ਸਪੇਸਐਕਸ ਅਤੇ ਐਕਸੀਓਮ ਸਪੇਸ ਦੀ ਇਸ ਸਫਲਤਾ ਨੇ ਨਾ ਸਿਰਫ਼ ਪੁਲਾੜ ਸੈਰ-ਸਪਾਟਾ ਅਤੇ ਵਪਾਰਕ ਮਿਸ਼ਨਾਂ ਦੇ ਭਵਿੱਖ ਨੂੰ ਉਜਾਗਰ ਕੀਤਾ ਹੈ ਬਲਕਿ ਭਾਰਤ ਦੇ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਵੀ ਪ੍ਰੇਰਿਤ ਕੀਤਾ ਹੈ। -ਪੀਟੀਆਈ