Uttarakhand Avalanche: ਉੱਤਰਾਖੰਡ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ BRO ਦੇ 57 ਮਜ਼ਦੂਰ ਦਬੇ
ਚਮੋਲੀ, 28 ਫਰਵਰੀ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਬਰਫ਼ ਦੇ ਵੱਡੇ-ਵੱਡੇ ਤੋਦੇ ਖਿਸਕਣ ਕਾਰਨ ਸੜਕ ਨਿਰਮਾਣ ਵਿੱਚ ਲੱਗੇ ਸਰਹੱਦੀ ਸੜਕ ਸੰਗਠਨ (Border Roads Organisation - BRo) ਦੇ 57 ਮਜ਼ਦੂਰ ਬਰਫ਼ ਹੇਠ ਦਬ ਗਏ ਹਨ। ਜਾਣਕਾਰੀ ਮੁਤਾਬਕ ਬਾਅਦ ਵਿਚ 32 ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਅਤੇ ਬਾਕੀ 25 ਦੱਬੇ ਹੋਏ ਮਜ਼ਦੂਰਾਂ ਨੂੰ ਕੱਢਣ ਦੀਆਂ ਕੋੋਸ਼ਿਸ਼ਾਂ ਜਾਰੀ ਸਨ। ਬਾਹਰ ਕੱਢੇ 32 ਮਜ਼ਦੂਰਾਂ ਨੂੰ ਇਲਾਜ ਲਈ ਮਾਣਾ ਵਿਚ ਆਈਟੀਬੀਪੀ ਦੇ ਕੈਂਪ ਲਿਜਾਇਆ ਗਿਆ ਹੈ। ਮਾਣਾ ਤੇ ਬਦਰੀਨਾਥ ਵਿਚਾਲੇ ਤਿੰਨ ਕਿਲੋਮੀਟਰ ਦਾ ਫਾਸਲਾ ਹੈ।
ਆਫ਼ਤ ਪ੍ਰਬੰਧਨ ਤੇ ਮੁੜਵਸੇਬਾ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਕਿਹਾ ਕਿ ਹਾਲਾਤ ਬਹੁਤ ਨਾਜ਼ੁਕ ਹਨ ਕਿਉਂਕਿ ਅਜੇ ਵੀ ਕੁਝ ਮਜ਼ਦੂਰ ਛੇ ਤੋਂ ਸੱਤ ਫੁੱਟ ਬਰਫ਼ ਹੇਠਾਂ ਦਫ਼ਨ ਹਨ ਤੇ ਉਪਰੋਂ ਮੌਸਮ ਵੀ ਖ਼ਰਾਬ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਰਫ਼ ਹੇਠ ਫਸੇ ਲੋਕਾਂ ਨੂੰ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਸ਼ਾਹ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਆਈਟੀਬੀਪੀ ਤੇ ਐੱਨਡੀਆਰਐੱਫ ਦੇ ਡੀਜੀ’ਜ਼ ਨਾਲ ਗੱਲ ਕੀਤੀ ਹੈ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਰੇ ਉਪਲਬਧ ਵਸੀਲਿਆਂ ਦੀ ਮਦਦ ਨਾਲ ਬਰਫ਼ ਹੇਠ ਦੱਬੇ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਧਰ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਪਿਊਸ਼ ਆਨੰਦ ਨੇ ਕਿਹਾ ਕਿ ਚਾਰ ਟੀਮਾਂ ਚਮੋਲੀ ਭੇਜੀਆਂ ਗਈਆਂ ਹਨ ਜਦੋਂਕਿ ਚਾਰ ਹੋਰਨਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਹੱਦੀ ਸੜਕ ਸੰਗਠਨ ਕੈਂਪ ਦੇ ਉਸਾਰੀ ਮਜ਼ਦੂਰ ਕਰਮਚਾਰੀ ਬਦਰੀਨਾਥ ਲਾਗਲੇ ਪਿੰਡ ਮਾਣਾ ਦੇ ਸਰਹੱਦੀ ਖੇਤਰ ਵਿੱਚ ਕੰਮ ਕਰ ਰਹੇ ਸਨ। ਮਾਣਾ ਪਿੰਡ ਚੀਨ ਵਾਲੇ ਪਾਸੇ ਭਾਰਤ ਦਾ ਆਖ਼ਰੀ ਪਿੰਡ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਆਈਟੀਬੀਪੀ ਅਤੇ ਫੌਜ ਦੇ ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਪੁਲੀਸ ਹੈੱਡਕੁਆਰਟਰ ਦੇ ਬੁਲਾਰੇ ਆਈਜੀ ਨੀਲੇਸ਼ ਆਨੰਦ ਭਾਰਨੇ ਨੇ ਕਿਹਾ ਕਿ 57 ਮਜ਼ਦੂਰਾਂ ਵਿੱਚੋਂ 32 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ ਜਦੋਂਕਿ 25 ਹੋਰਨਾਂ ਨੂੰ ਬਚਾਉਣ ਲਈ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਬੀਆਰਓ ਦੇ ਕਾਰਜਕਾਰੀ ਇੰਜਨੀਅਰ ਸੀਆਰ ਮੀਣਾ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਅਤੇ ਭਾਰੀ ਬਰਫ਼ਬਾਰੀ ਕਾਰਨ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ-ਤਿੱਬਤ ਸਰਹੱਦੀ ਪੁਲੀਸ (ITBP) ਅਤੇ BRO ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਐਕਸ ਉਤੇ ਪਾਈ ਪੋਸਟ ਵਿਚ ਕਿਹਾ, "ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਨੇੜੇ ਬੀਆਰਓ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਦੌਰਾਨ ਬਰਫ਼ ਦੇ ਤੋਦੇ ਹੇਠ ਬਹੁਤ ਸਾਰੇ ਕਾਮਿਆਂ ਦੇ ਫਸਣ ਦੀ ਦੁਖਦਾਈ ਖ਼ਬਰ ਮਿਲੀ ਹੈ। ਆਈਟੀਬੀਪੀ, ਬੀਆਰਓ ਅਤੇ ਹੋਰ ਬਚਾਅ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਮੈਂ ਸਾਰੇ ਮਜ਼ਦੂਰ ਭਰਾਵਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।" -ਏਐਨਆਈ