ਦੇਸ਼ ਭਰ ਵਿੱਚ ਵੋਟਰ ਸੂਚੀ ਤਸਦੀਕ ਦੀਆਂ ਤਿਆਰੀਆਂ; ਪਹਿਲੇ ਪੜਾਅ ਵਿੱਚ ਹੋਣਗੇ ਚੋਣ ਸੂਬੇ
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (Special Intensive Revision -SIR) ਦੇਸ਼ ਭਰ ਵਿੱਚ ਕਈ ਪੜਾਵਾਂ ਵਿੱਚ ਕੀਤੀ ਜਾਵੇਗੀ।
ਇਹ ਮੁਹਿੰਮ ਪਹਿਲਾਂ ਉਨ੍ਹਾਂ ਸੂਬਿਆਂ ਵਿੱਚ ਸ਼ੁਰੂ ਹੋ ਸਕਦੀ ਹੈ ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਸੂਬਿਆਂ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਜਾਂ ਹੋਣ ਵਾਲੀਆਂ ਹਨ, ਉੱਥੇ ਇਹ ਮੁਹਿੰਮ ਨਹੀਂ ਚਲਾਈ ਜਾਵੇਗੀ ਕਿਉਂਕਿ ਉਥੇ ਚੋਣ ਅਧਿਕਾਰੀ ਹੋਰ ਕੰਮਾਂ ਵਿੱਚ ਮਸਰੂਫ਼ ਹਨ।
ਅਸਾਮ, ਕੇਰਲ, ਪੁਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 2026 ਵਿੱਚ ਹੋਣੀਆਂ ਹਨ। ਇਨ੍ਹਾਂ ਦੇ ਨਾਲ ਹੋਰ ਕੁਝ ਸੂਬੇ ਵੀ ਪਹਿਲੇ ਪੜਾਅ ਵਿੱਚ ਸ਼ਾਮਲ ਹੋ ਸਕਦੇ ਹਨ।
ਬਿਹਾਰ ਵਿੱਚ ਵੋਟਰ ਲਿਸਟ ਦੀ ਜਾਂਚ ਖਤਮ ਹੋ ਚੁਕੀ ਹੈ ਅਤੇ 7.42 ਕਰੋੜ ਵੋਟਾਂ ਵਾਲੀ ਅੰਤਿਮ ਸੂਚੀ 30 ਸਤੰਬਰ ਨੂੰ ਜਾਰੀ ਕਰ ਦਿੱਤੀ ਗਈ ਸੀ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਸਾਰੇ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਐਸਆਈਆਰ ਸ਼ੁਰੂ ਕਰਨ ਲਈ ਕੰਮ ਚੱਲ ਰਿਹਾ ਹੈ ਅਤੇ ਇਸ ਬਾਰੇ ਅੰਤਿਮ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ 24 ਜੂਨ ਨੂੰ ਬਿਹਾਰ ਐਸਆਈਆਰ ਨੂੰ ਸ਼ੁਰੂ ਕਰਦੇ ਹੋਏ ਇੱਕ ਪੂਰੇ ਭਾਰਤ ਵਿੱਚ ਐਸਆਈਆਰ ਲਈ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ।