ਨੋਇਡਾ ਦੇ ਡੇਅ ਕੇਅਰ ਵਿਚ ਅਟੈਂਡੈਂਟ ਨੇ ਮਾਸੂਮ ਬੱਚੀ ਨੂੰ ਦੰਦੀਆਂ ਵੱਢੀਆਂ, ਜ਼ਮੀਨ ’ਤੇ ਪਟਕਿਆ, ਘਟਨਾ ਸੀਸੀਟੀਵੀ ਵਿਚ ਕੈਦ
Noida Day Care Center: ਨੌਇਡਾ ਸੈਕਟਰ-137 ਵਿਚ ਇਕ ਡੇਅ ਕੇਅਰ ਸੈਂਟਰ ਵਿਚ 15 ਮਹੀਨਿਆਂ ਦੀ ਬੱਚੀ ਨਾਲ ਅਣਮਨੁੱਖੀ ਵਤੀਰੇ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਤਾਇਨਾਤ ਮਹਿਲਾ ਅਟੈਂਡੈਂਟ ਨੂੰ ਪੁਲੀਸ ਨੇ ਮਾਸੂਮ ’ਤੇ ਸਰੀਰਕ ਰੂਪ ਵਿਚ ਤਸ਼ੱਦਦ ਢਾਹੁਣ ਦੇ ਦੋਸ਼ ਵਿਚ ਗ੍ਰਿ਼ਫਤਾਰ ਕੀਤਾ ਹੈ।
ਘਟਨਾ ਪਾਰਸ ਟੀਏਰਾ ਰਿਹਾਇਸ਼ੀ ਕੰਪਲੈਕਸ ਸਥਿਤ ਡੇਅ ਕੇਅਰ ਦੀ ਦੱਸੀ ਜਾਂਦੀ ਹੈ। ਬੱਚੀ ਦੇ ਮਾਤਾ ਪਿਤਾ ਨੇ ਉਸ ਦੇ ਪੱਟ ’ਤੇ ਦੰਦਾਂ ਦੇ ਨਿਸ਼ਾਨ ਦੇਖ ਦੇ ਜਾਂਚ ਕਰਵਾਈ। ਡਾਕਟਰ ਨੇ ਪੁਸ਼ਟੀ ਕੀਤੀ ਕਿ ਇਹ ਕਿਸੇ ਵਿਅਕਤੀ ਵੱਲੋਂ ਕੱਟਣ ਦੇ ਨਿਸ਼ਾਨ ਹਨ।
ਇਸ ਮਗਰੋੀ ਪਰਿਵਾਰਕ ਮੈਂਬਰਾਂ ਨੇ ਸੁਸਾਇਟੀ ਪ੍ਰਬੰਧਨ ਤੋਂ ਡੇਅ ਕੇਅਰ ਦੀ ਸੀਸੀਟੀਵੀ ਫੁਟੇਜ ਮੰਗੀ, ਜਿਸ ਵਿਚ ਲੂ ਕੰਢੇ ਖੜ੍ਹੇ ਕਰਨ ਵਾਲੇ ਦ੍ਰਿਸ਼ ਸਾਹਮਣੇ ਆਏ। ਅਟੈਂਡੈਂਟ ਨੂੰ ਮਾਸੂਮ ਬੱਚੀ ਦੇ ਚਿਹਰੇ ’ਤੇ ਮਾਰਦਿਆਂ ਤੇ ਜਾਣਬੁੱਝ ਕੇ ਜ਼ਮੀਨ ’ਤੇ ਸੁੱਟਦਿਆਂ ਦੇਖਿਆ ਗਿਆ। ਪੂਰੀ ਫੁਟੇਜ ਵਿਚ ਬੱਚੀ ਨੂੰ ਦਰਦ ਨਾਲ ਰੋਂਦਿਆਂ ਸੁਣਿਆ ਜਾ ਸਕਦਾ ਹੈ। ਪੀੜਤ ਪਰਿਵਾਰ ਨੇ ਸੈਕਟਰ 149 ਥਾਣੇ ਵਿਚ ਸ਼ਿਕਾਇਤ ਦਰਜ ਕੀਤੀ, ਜਿਸ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ। ਇਸ ਘਟਨਾ ਕਰਕੇ ਸਥਾਨਕ ਲੋਕਾਂ ਵਿਚ ਗੁੱਸਾ ਹੈ।