ਲੋਕਤੰਤਰ ’ਤੇ ਹਮਲਾ ਭਾਰਤ ਲਈ ਵੱਡਾ ਖ਼ਤਰਾ: ਰਾਹੁਲ ਗਾਂਧੀ
ਕੋਲੰਬੀਆ ਦੀ EIA ਯੂਨੀਵਰਸਿਟੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ‘ਢਾਂਚਾਗਤ ਖਾਮੀਆਂ’ ਦੇ ਮੁੱਦੇ ਨੂੰ ਉਜਾਗਰ ਕੀਤਾ ਅਤੇ ਸੁਝਾਅ ਦਿੱਤਾ ਕਿ ਦੇਸ਼ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਵਧਣ-ਫੁੱਲਣ ਦਿੱਤਾ ਜਾਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਕੋਲ ਇੰਜਨੀਅਰਿੰਗ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਵਿੱਚ ਮਜ਼ਬੂਤ ਸਮਰੱਥਾਵਾਂ ਹਨ, ਇਸ ਲਈ ਮੈਂ ਦੇਸ਼ ਪ੍ਰਤੀ ਬਹੁਤ ਆਸ਼ਾਵਾਦੀ ਹਾਂ। ਪਰ ਇਸ ਦੇ ਨਾਲ ਹੀ, ਢਾਂਚੇ ਵਿੱਚ ਵੀ ਕੁਝ ਖਾਮੀਆਂ ਵੀ ਹਨ ਜਿਨ੍ਹਾਂ ਨੂੰ ਭਾਰਤ ਨੂੰ ਠੀਕ ਕਰਨਾ ਪਵੇਗਾ। ਸਭ ਤੋਂ ਵੱਡੀ ਚੁਣੌਤੀ ਭਾਰਤ ਵਿੱਚ ਲੋਕਤੰਤਰ ’ਤੇ ਹੋ ਰਿਹਾ ਹਮਲਾ ਹੈ।’’
ਕਾਂਗਰਸ ਨੇਤਾ ਨੇ ਦਲੀਲ ਦਿੱਤੀ ਕਿ ਲੋਕਤੰਤਰੀ ਪ੍ਰਣਾਲੀ ਵਿਭਿੰਨਤਾ ਲਈ ਮਹੱਤਵਪੂਰਨ ਹੈ, ਜੋ ਵੱਖ-ਵੱਖ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਵਿਚਾਰਾਂ, ਜਿਸ ਵਿੱਚ ਧਾਰਮਿਕ ਵਿਸ਼ਵਾਸ ਵੀ ਸ਼ਾਮਲ ਹਨ, ਨੂੰ ਵਧਣ-ਫੁੱਲਣ ਦੀ ਆਗਿਆ ਦਿੰਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਹਮਲੇ ਦੇ ਘੇਰੇ ਵਿੱਚ ਹੈ, ਜੋ ਕਿ ਇੱਕ ‘ਵੱਡਾ ਜੋਖਮ’ ਜਾਂ ਖ਼ਤਰਾ ਹੈ।
ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਵਿੱਚ ਕਈ ਧਰਮ, ਪਰੰਪਰਾਵਾਂ ਅਤੇ ਭਾਸ਼ਾਵਾਂ ਹਨ- ਦਰਅਸਲ, ਦੇਸ਼ ਅਸਲ ਵਿੱਚ ਇਨ੍ਹਾਂ ਸਾਰੇ ਲੋਕਾਂ ਅਤੇ ਸੱਭਿਆਚਾਰਾਂ ਦਰਮਿਆਨ ਗੱਲਬਾਤ ਦਾ ਸਥਾਨ ਹੈ। ਵੱਖ-ਵੱਖ ਪਰੰਪਰਾਵਾਂ, ਧਰਮਾਂ ਅਤੇ ਵਿਚਾਰਾਂ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਲਈ ਜਗ੍ਹਾ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਲੋਕਤੰਤਰੀ ਪ੍ਰਣਾਲੀ ਹੈ।’’
ਉਨ੍ਹਾਂ ਕਿਹਾ, ‘‘ਮੌਜੂਦਾ ਸਮੇਂ ਇਸ ਲੋਕਤੰਤਰੀ ਪ੍ਰਣਾਲੀ ’ਤੇ ਇੱਕ ਵੱਡਾ ਹਮਲਾ ਹੋ ਰਿਹਾ ਹੈ ਅਤੇ ਇਹ ਇੱਕ ਵੱਡਾ ਜੋਖਮ ਹੈ। ਇੱਕ ਹੋਰ ਵੱਡਾ ਜੋਖਮ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵੱਖ-ਵੱਖ ਧਾਰਨਾਵਾਂ ਦਰਮਿਆਨ ਤਣਾਅ ਹੈ। 16-17 ਪ੍ਰਮੁੱਖ ਭਾਸ਼ਾਵਾਂ ਅਤੇ ਬਹੁਤ ਸਾਰੇ ਧਰਮਾਂ ਦੇ ਨਾਲ, ਇਨ੍ਹਾਂ ਵਿਭਿੰਨ ਪਰੰਪਰਾਵਾਂ ਨੂੰ ਵਧਣ-ਫੁੱਲਣ ਦੇਣਾ ਅਤੇ ਉਨ੍ਹਾਂ ਨੂੰ ਲੋੜੀਂਦੀ ਜਗ੍ਹਾ ਦੇਣਾ ਬਹੁਤ ਜ਼ਰੂਰੀ ਹੈ।’’
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜੋੜੀ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਦਾ ਮੁੱਖ ਧੁਰਾ ‘ਕਾਇਰਤਾ’ ਸੀ।
ਕਾਂਗਰਸ ਨੇਤਾ ਨੇ ਕਿਹਾ, ‘‘ਇਹ BJP-RSS ਦਾ ਸੁਭਾਅ ਹੈ। ਜੇਕਰ ਤੁਸੀਂ ਵਿਦੇਸ਼ ਮੰਤਰੀ ਦੇ ਇੱਕ ਬਿਆਨ ’ਤੇ ਨਜ਼ਰ ਮਾਰੋ ਤਾਂ ਉਨ੍ਹਾਂ ਕਿਹਾ, ‘ਚੀਨ ਸਾਡੇ ਨਾਲੋਂ ਕਿਤੇ ਵੱਧ ਸ਼ਕਤੀਸ਼ਾਲੀ ਹੈ। ਮੈਂ ਉਨ੍ਹਾਂ ਨਾਲ ਕਿਵੇਂ ਲੜ ਸਕਦਾ ਹਾਂ?’ ਵਿਚਾਰਧਾਰਾ ਦੇ ਮੂਲ ਸਿਧਾਂਤ ਵਿੱਚ ਕਾਇਰਤਾ ਹੈ।’’
ਰਾਹੁਲ ਨੇ ਵਿਨਾਇਕ ਦਾਮੋਦਰ ਸਾਵਰਕਰ ਦੀ ਕਿਤਾਬ ਤੋਂ ਇੱਕ ਘਟਨਾ ਦਾ ਹਵਾਲਾ ਦਿੱਤਾ, ਜਿੱਥੇ ਉਹ ਹਿੰਦੂਤਵ ਵਿਚਾਰਧਾਰਕ ਦੀ ਗੱਲ ਕਰਦਿਆਂ ਲਿਖਦੇ ਹਨ, ‘‘ਉਸ ਨੇ ਅਤੇ ਉਸ ਦੇ ਦੋਸਤਾਂ ਨੇ ਇੱਕ ਮੁਸਲਿਮ ਵਿਅਕਤੀ ਨੂੰ ਕੁੱਟਿਆ ਅਤੇ ਇਸ ’ਤੇ ਖੁਸ਼ੀ ਮਹਿਸੂਸ ਕੀਤੀ।’ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ RSS ਦੀ ਵਿਚਾਰਧਾਰਾ ‘ਕਮਜ਼ੋਰ ਲੋਕਾਂ ਨੂੰ ਕੁੱਟਣਾ’ ਅਤੇ ਉਨ੍ਹਾਂ ਤੋਂ ਭੱਜਣਾ ਹੈ, ਜੋ ਉਨ੍ਹਾਂ ਤੋਂ ਤਾਕਤਵਰ ਹਨ।
ਉਨ੍ਹਾਂ ਕਿਹਾ, ‘‘ਆਪਣੀ ਕਿਤਾਬ ਵਿੱਚ ਸਾਵਰਕਰ ਨੇ ਲਿਖਿਆ ਕਿ ਇੱਕ ਵਾਰ ਉਸ ਨੇ ਅਤੇ ਉਸ ਦੇ ਕੁਝ ਦੋਸਤਾਂ ਨੇ ਇੱਕ ਮੁਸਲਿਮ ਵਿਅਕਤੀ ਨੂੰ ਕੁੱਟਿਆ ਅਤੇ ਉਸ ਦਿਨ ਉਨ੍ਹਾਂ ਬਹੁਤ ਖੁਸ਼ੀ ਮਹਿਸੂਸ ਕੀਤੀ। ਜੇਕਰ ਪੰਜ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਹਨ, ਜਿਸ ਨਾਲ ਉਨ੍ਹਾਂ ਵਿੱਚੋਂ ਇੱਕ ਖੁਸ਼ ਹੁੰਦਾ ਹੈ, ਤਾਂ ਇਹ ਕਾਇਰਤਾ ਹੈ। ਇਹ RSS ਵਿਚਾਰਧਾਰਾ ਹੈ, ਕਮਜ਼ੋਰ ਲੋਕਾਂ ਨੂੰ ਕੁੱਟਣਾ।’’
ਇਸ ਦੌਰਾਨ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ RSS ਦੀ 100ਵੀਂ ਵਰ੍ਹੇਗੰਢ ਦੇ ਮੌਕੇ ਇਸ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਗਿਰੀਰਾਜ ਸਿੰਘ ਨੇ ਕਿਹਾ, ‘‘ਰਾਹੁਲ ਗਾਂਧੀ ਵਰਗੇ ਲੋਕ ਸਿਰਫ਼ ਗਾਲ੍ਹਾਂ ਕੱਢਣਾ ਜਾਣਦੇ ਹਨ। ਭਾਵੇਂ ਉਸ ਨੂੰ ਸੱਤ ਜ਼ਿੰਦਗੀਆਂ ਮਿਲ ਜਾਣ, ਫਿਰ ਵੀ ਉਹ ਸੰਘ ਦਾ ਵਾਲੰਟੀਅਰ ਨਹੀਂ ਬਣ ਸਕੇਗਾ। ਸੰਘ ਦਾ ਇੱਕ ਵੀ ਵਾਲੰਟੀਅਰ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹੈ, ਜੋ ਭਾਰਤ ਦਾ ਅਪਮਾਨ ਕਰਦੇ ਹਨ, ਸਗੋਂ ਉਨ੍ਹਾਂ ਲੋਕਾਂ ਵਿੱਚੋਂ ਹੈ ਜੋ ਭਾਰਤ ਦੀ ਸ਼ਾਨ ਅਤੇ ਸਨਮਾਨ ਲਈ ਕੰਮ ਕਰਦੇ ਹਨ।’’
ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕੇਂਦਰੀ ਮੰਤਰੀ ਨੇ ਕਿਹਾ, ‘‘ਜਦੋਂ ਕਿਸੇ ਪਾਰਟੀ ਦੀ ਅਗਵਾਈ ਰਾਹੁਲ ਗਾਂਧੀ ਵਰਗੇ ਕਿਸੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ, ਜੋ ਇੱਕ ਸ਼ਹਿਰੀ ਨਕਸਲੀ ਵਾਂਗ ਵਿਵਹਾਰ ਕਰਦਾ ਹੈ ਤਾਂ ਇਹ ਸੁਭਾਵਿਕ ਹੈ ਕਿ ਕਾਂਗਰਸ ਦੇ ਹੋਰ ਨੇਤਾ ਵੀ ਇਹੀ ਭਾਸ਼ਾ ਬੋਲਣਗੇ।’’