ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ

ਹੱਥ, ਮੋਢੇ ਅਤੇ ਸਿਰ ’ਤੇ ਸੱਟਾਂ ਲੱਗੀਆਂ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਅੱਜ ਸਵੇਰੇ ਸਿਵਲ ਲਾਈਨਜ਼ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ। ਮੁੱਖ ਮੰਤਰੀ ਦਫ਼ਤਰ ਨੇ ਇਸ ਹਮਲੇ ਨੂੰ ‘ਮੁੱਖ ਮੰਤਰੀ ਦੀ ਹੱਤਿਆ ਦੀ ਯੋਜਨਾਬੱਧ ਸਾਜ਼ਿਸ਼’ ਦਾ ਹਿੱਸਾ ਦੱਸਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜਕੋਟ (ਗੁਜਰਾਤ) ਦੇ 41 ਸਾਲਾ ਸਾਕਰੀਆ ਰਾਜੇਸ਼ਭਾਈ ਖੀਮਜੀਭਾਈ ਵਜੋਂ ਹੋਈ ਹੈ। ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਸਵੇਰੇ 8.15 ਵਜੇ ਦੇ ਕਰੀਬ ਹੋਇਆ। ਪੀਡਬਲਿਊਡੀ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੱਥ, ਮੋਢੇ ਅਤੇ ਸਿਰ ’ਤੇ ਸੱਟਾਂ ਲੱਗੀਆਂ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਗੰਭੀਰ ਹਮਲਾ ਸੀ, ਜੋ ਜਾਨਲੇਵਾ ਸਾਬਤ ਹੋ ਸਕਦਾ ਸੀ। ਉਨ੍ਹਾਂ ਦੱਸਿਆ, ‘ਅਸੀਂ ਆਈਬੀ, ਸਪੈਸ਼ਲ ਸੈੱਲ ਅਤੇ ਖੁਫੀਆ ਏਜੰਸੀਆਂ ਨਾਲ ਮਿਲ ਕੇ ਮੁਲਜ਼ਮ ਕੋਲੋਂ ਪੁੱਛ-ਪੜਤਾਲ ਕਰ ਰਹੇ ਹਾਂ। ਉਸ ’ਤੇ ਪੰਜ ਅਪਰਾਧਿਕ ਮਾਮਲੇ ਦਰਜ ਹਨ।’ ਮੁਲਜ਼ਮ ਨੂੰ ਪਤਾ ਸੀ ਕਿ ਉਥੇ ਜਾਂਚ ਹੋਵੇਗੀ, ਇਸ ਕਰਕੇ ਉਹ ਕੋਈ ਹਥਿਆਰ ਨਹੀਂ ਲੈ ਕੇ ਆਇਆ। ਉਸ ਕੋਲ ਕੱਪੜੇ ਅਤੇ ਕਾਗਜ਼ਾਂ ਵਾਲਾ ਬੈਗ ਸੀ।

Advertisement

ਸੂਤਰਾਂ ਅਨੁਸਾਰ ਮੁਲਜ਼ਮ ਦੋ ਦਿਨ ਪਹਿਲਾਂ ਦਿੱਲੀ ਆਇਆ ਸੀ ਅਤੇ ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਵਿੱਚ ਠਹਿਰਿਆ ਸੀ। ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਇਹ ਕੋਈ ਆਮ ਹਮਲਾ ਨਹੀਂ ਸੀ। ਉਨ੍ਹਾਂ ਕਿਹਾ, ‘ਹਮਲਾਵਰ ਨੇ ਮੁੱਖ ਮੰਤਰੀ ਨੂੰ ਜ਼ਮੀਨ ’ਤੇ ਸੁੱਟਣ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ।’ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਵੇਲੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੀ ਐੱਮਐੱਲਸੀ (ਮੈਡੀਕੋ ਲੀਗਲ ਕੇਸ) ਜਾਂਚ ਕੀਤੀ ਗਈ ਹੈ।

ਸਰਕਾਰੀ ਸੂਤਰਾਂ ਨੇ ਸ਼ਾਲੀਮਾਰ ਬਾਗ ਵਿੱਚ ਗੁਪਤਾ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ ਸੀਸੀਟੀਵੀ ਫੁਟੇਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ’ਤੇ ਹਮਲਾ ‘ਸੋਚ-ਸਮਝੀ ਸਾਜ਼ਿਸ਼’ ਦਾ ਹਿੱਸਾ ਸੀ। ਸੀਸੀਟੀਵੀ ਫੁਟੇਜ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਹਮਲਾਵਰ ਨੇ ਘੱਟੋ-ਘੱਟ 24 ਘੰਟੇ ਪਹਿਲਾਂ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸੀਸੀਟੀਵੀ ਫੁਟੇਜ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।

 

ਹਮਲਾ ਲੋਕ ਸੇਵਾ ਦੇ ਇਰਾਦੇ ਨੂੰ ਰੋਕਣ ਦੀ ਡਰਾਕਲ ਕੋਸ਼ਿਸ਼: ਰੇਖਾ

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ’ਤੇ ਹਮਲਾ ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਇਰਾਦੇ ਨੂੰ ਰੋਕਣ ਦੀ ‘ਡਰਾਕਲ ਕੋਸ਼ਿਸ਼’ ਸੀ, ਪਰ ਇਸ ਨਾਲ ਉਨ੍ਹਾਂ ਦਾ ਹੌਸਲਾ ਨਹੀਂ ਘਟਿਆ। ਹਮਲੇ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਜਨ ਸੁਣਵਾਈ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ। ਮੁੱਖ ਮੰਤਰੀ ਨੇ ਐਕਸ ’ਤੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਉਹ ਸਦਮੇ ’ਚ ਸਨ, ਪਰ ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, ‘ਅਜਿਹੇ ਹਮਲੇ ਕਦੇ ਵੀ ਲੋਕਾਂ ਦੀ ਸੇਵਾ ਕਰਨ ਦੇ ਮੇਰੇ ਜਜ਼ਬੇ ਅਤੇ ਸੰਕਲਪ ਨੂੰ ਤੋੜ ਨਹੀਂ ਸਕਦੇ। ਹੁਣ ਮੈਂ ਤੁਹਾਡੇ ਵਿਚਕਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਊਰਜਾ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਾਂਗੀ। ’ ਉਨ੍ਹਾਂ ਕਿਹਾ, ‘ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਅਪੀਲ ਕਰਦੀ ਹਾਂ ਕਿ ਕਿਰਪਾ ਕਰਕੇ ਮੈਨੂੰ ਮਿਲਣ ਦੀ ਖੇਚਲ ਨਾ ਕਰੋ। ਮੈਂ ਬਹੁਤ ਜਲਦੀ ਤੁਹਾਡੇ ਵਿਚਕਾਰ ਕੰਮ ਕਰਦੀ ਦਿਖਾਈ ਦੇਵਾਂਗੀ।’ -ਪੀਟੀਆਈ

 

ਮੁੱਖ ਮੰਤਰੀ ਘਬਰਾਏ ਪਰ ਠੀਕ ਨੇ: ਸਚਦੇਵਾ

ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਗੁਪਤਾ ‘ਘਬਰਾਏ ਹੋਏ ਹਨ, ਪਰ ਠੀਕ ਹਨ।’ ਸਚਦੇਵਾ ਨੇ ਕਿਹਾ, ‘ਅੱਜ ਸਵੇਰੇ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਆਮ ਵਾਂਗ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ। ਉਸ ਨੇ ਉਨ੍ਹਾਂ ਨੂੰ ਕੁਝ ਕਾਗਜ਼ਾਤ ਦਿੱਤੇ ਅਤੇ ਅਚਾਨਕ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਲੋਕਾਂ ਨੇ ਉਸ ਨੂੰ ਫੜ ਲਿਆ।’

 

ਹਿੰਸਾ ਲਈ ਕੋਈ ਥਾਂ ਨਹੀਂ: ਕੇਜਰੀਵਾਲ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਵਿਚਾਰਾਂ ਦੇ ਮਤਭੇਦ ਹੋ ਸਕਦੇ ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ, ‘ਮੈਨੂੰ ਭਰੋਸਾ ਹੈ ਕਿ ਦਿੱਲੀ ਪੁਲੀਸ ਇਸ ਸਬੰਧੀ ਢੁਕਵੀਂ ਕਾਰਵਾਈ ਕਰੇਗੀ। ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤਮੰਦ ਹੋਣਗੇ।’

 

‘ਮੇਰੇ ਪੁੱਤ ਦਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ’

ਰਾਜਕੋਟ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਦੀ ਮਾਂ ਨੇ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਆਵਾਰਾ ਕੁੱਤਿਆਂ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਕੌਮੀ ਰਾਜਧਾਨੀ ਗਿਆ ਸੀ। ਮੁਲਜ਼ਮ ਗੁਜਰਾਤ ਦੇ ਰਾਜਕੋਟ ਦਾ ਵਸਨੀਕ ਹੈ। ਉਸ ਦੀ ਗ੍ਰਿਫ਼ਤਾਰੀ ਮਗਰੋਂ ਰਾਜਕੋਟ ਪੁਲੀਸ ਉਸ ਦੇ ਘਰ ਪਹੁੰਚੀ ਅਤੇ ਉਸ ਦੀ ਮਾਂ ਭਾਨੂਬੇਨ ਸਾਕਰੀਆ ਤੋਂ ਪੁੱਛ-ਪੜਤਾਲ ਕੀਤੀ। ਬਾਅਦ ਵਿੱਚ ਭਾਨੂਬੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਪੁੱਤਰ ਆਟੋ-ਰਿਕਸ਼ਾ ਚਾਲਕ ਹੈ। ਉਸ ਨੇ ਕਿਹਾ ਕਿ ਉਹ ਪਸ਼ੂ ਪ੍ਰੇਮੀ ਹੈ ਅਤੇ ਦਿੱਲੀ ਦੀਆਂ ਸੜਕਾਂ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਭੇਜਣ ਦੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮ ਤੋਂ ਬਹੁਤ ਦੁਖੀ ਸੀ। -ਪੀਟੀਆਈ

Advertisement