ਦਲਿਤਾਂ ’ਤੇ ਤਸ਼ੱਦਦ ਵਧ ਰਿਹੈ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰਾਏਬਰੇਲੀ ’ਚ ਦਲਿਤ ਹਰੀਓਮ ਵਾਲਮੀਕਿ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ’ਤੇ ਪੀੜਤ ਪਰਿਵਾਰ ਨੂੰ ਡਰਾਉਣ-ਧਮਕਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ’ਚ ਦਲਿਤਾਂ ’ਤੇ ਤਸ਼ੱਦਦ ਸਿਖਰ ’ਤੇ ਹੈ। ਫਤਹਿਪੁਰ ਜ਼ਿਲ੍ਹੇ ’ਚ ਮ੍ਰਿਤਕ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਪਰਿਵਾਰ ਨੂੰ ਉਨ੍ਹਾਂ ਨਾਲ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪਰਿਵਾਰ ਨਾਲ ਤਕਰੀਬਨ 25 ਮਿੰਟ ਬਿਤਾਏ। ਇਸ ਦੌਰਾਨ ਉਨ੍ਹਾਂ ਹਰੀਓਮ ਦੇ ਪਿਤਾ ਗੰਗਾਦੀਨ, ਭਰਾ ਸ਼ਿਵਮ ਤੇ ਭੈਣ ਕੁਸੁਮ ਨਾਲ ਗੱਲ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਸਰਕਾਰ ’ਚ ਦਲਿਤਾਂ ’ਤੇ ਤਸ਼ੱਦਦ ਸਿਖਰ ’ਤੇ ਹੈ।’’ ਐੱਕਸ ’ਤੇ ਪੋਸਟ ’ਚ ਗਾਂਧੀ ਨੇ ਕਿਹਾ, ‘‘ਹਰੀਓਮ ਵਾਲਮੀਕਿ ਦੇ ਪਰਿਵਾਰ ਦੀਆਂ ਅੱਖਾਂ ’ਚ ਦਰਦ ਦੇ ਨਾਲ ਇਹ ਸਵਾਲ ਸੀ: ਕੀ ਇਸ ਦੇਸ਼ ’ਚ ਦਲਿਤ ਹੋਣਾ ਜਾਨਲੇਵਾ ਅਪਰਾਧ ਹੈ?’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਕਿਹਾ ਕਿ ‘ਨਿਆਂ ਨੂੰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ’ ਅਤੇ ਭਾਜਪਾ ਨੂੰ ਪੀੜਤ ਪਰਿਵਾਰ ’ਤੇ ਦਬਾਅ ਖਤਮ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
ਰਾਹੁਲ ਗਾਂਧੀ ਵੱਲੋਂ ਜ਼ੂਬਿਨ ਗਰਗ ਨੂੰ ਸ਼ਰਧਾਂਜਲੀ
ਗੁਹਾਟੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਮਰਹੂਮ ਗਾਇਕ ਜ਼ੂਬਿਨ ਗਰਗ ਨੂੰ ਗੁਹਾਟੀ ਦੇ ਬਾਹਰੀ ਇਲਾਕੇ ਸੋਨਾਪੁਰ ’ਚ ਉਸ ਥਾਂ ’ਤੇ ਸ਼ਰਧਾਂਜਲੀ ਭੇਟ ਕੀਤੀ ਜਿੱਥੇ ਉਸ ਦਾ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਉਸ ਥਾਂ ’ਤੇ ਰਵਾਇਤੀ ਅਸਾਮੀ ‘ਗਾਮੋਸਾ’ (ਪਰਨਾ) ’ਤੇ ਫੁੱਲ ਚੜ੍ਹਾਏ। ਉਨ੍ਹਾਂ ਨਾਲ ਅਸਾਮ ਕਾਂਗਰਸ ਦੇ ਪ੍ਰਧਾਨ ਗੌਰਗ ਗੋਗੋਈ, ਕਾਂਗਰਸ ਦੇ ਜਨਰਲ ਸਕੱਤਰ ਤੇ ਅਸਾਮ ਦੇ ਇੰਚਾਰਜ ਜਿਤੇਂਦਰ ਸਿੰਘ, ਅਸਾਮ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇਵਵ੍ਰਤ ਸੈਕੀਆ ਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਹਾਜ਼ਰ ਸਨ।