ਅਸਾਮ ਸਰਕਾਰ ਨੇ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ; 3 ਦਿਨਾਂ ਸੋਗ ਦਾ ਐਲਾਨ
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਗਾਇਕ ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਲੈਣ ਲਈ ਅੱਜ ਦਿੱਲੀ ਰਵਾਨਾ ਹੋ ਗਏ। ਇਸ ਗਾਇਕ ਦੀ ਮ੍ਰਿਤਕ ਦੇਹ ਅੱਧੀ ਰਾਤ ਦੇ ਕਰੀਬ ਸਿੰਗਾਪੁਰ ਤੋਂ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਜਾਵੇਗੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਤੇ ਹੋਰ ਅਧਿਕਾਰੀ ਮ੍ਰਿਤਕ ਦੇਹ ਨੂੰ ਗੁਹਾਟੀ ਲਿਆਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜ਼ੁਬੀਨ ਦੀ ਦੇਹ ਲੈਣ ਲਈ ਜਹਾਜ਼ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਮੁੱਖ ਮੰਤਰੀ ਨਾਲ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਵੀ ਸਨ ਜੋ ਜ਼ੁਬੀਨ ਦੇ ਕਾਲਜ ਦੇ ਦਿਨਾਂ ਦੇ ਮਿੱਤਰ ਸੀ। ਜ਼ੁਬੀਨ ਦੀ ਮ੍ਰਿਤਕ ਦੇਹ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਗੁਹਾਟੀ ਲਿਆਂਦਾ ਜਾਵੇਗਾ ਜਿਸ ਦੇ ਐਤਵਾਰ ਸਵੇਰੇ ਅਸਾਮ ਪਹੁੰਚਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕ ਦੇਹ ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਗਾਇਕ ਦੇ ਟੀਮ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਹਾਟੀ ਦੇ ਸਪੋਰਟਸ ਸਟੇਡੀਅਮ ਵਿੱਚ ਦੂਜੀ ਵਾਰ ਪ੍ਰਬੰਧਾਂ ਦੀ ਸਮੀਖਿਆ ਕੀਤੀ, ਜਿੱਥੇ ਗਾਇਕ ਦੀ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।
ਨੌਰਥ ਈਸਟ ਇੰਡੀਆ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤ ਅਤੇ ਗਾਇਕਾ ਦੇ ਮੈਨੇਜਰ ਸਿਧਾਰਥ ਸ਼ਰਮਾ ਖ਼ਿਲਾਫ਼ ਮੋਰੀਗਾਓਂ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਇਸੇ ਦੌਰਾਨ ਸੂਬਾ ਸਰਕਾਰ ਨੇ ਸੂਬੇ ਵਿੱਚ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਹਿਮੰਤਾ ਬਿਸਵਾ ਸਰਮਾ ਨੇ ਕਿਹਾ, ‘‘ਅਸਾਮ ਪੁਲੀਸ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਕਰੇਗੀ ਅਤੇ ਸ਼ਿਆਮਕਾਨੂ ਮਹੰਤ ਤੇ ਸਿਧਾਰਥ ਸ਼ਰਮਾ ਦੋਵਾਂ ਤੋਂ ਇਲਾਵਾ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਜੋ ਗਾਇਕ ਦੇ ਆਖਰੀ ਪਲਾਂ ਵਿੱਚ ਉਸ ਦੇ ਨਾਲ ਮੌਜੂਦ ਸਨ।’’
ਅਜਿਹੀਆਂ ਰਿਪੋਰਟਾਂ ਹਨ ਕਿ ਗਾਇਕ ਨੂੰ ਉਸ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਇੱਕ ਪਾਰਟੀ ਵਿੱਚ ਲਿਜਾਇਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ, “ਅਸੀਂ ਇਸ ਦੀ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।’’
ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ, ਜਦੋਂ ਉਹ ‘ਲਾਈਫ ਜੈਕੇਟ ਤੋਂ ਬਿਨਾਂ ਸਮੁੰਦਰ ਵਿੱਚ ਤੈਰ ਰਿਹਾ ਸੀ’।
ਸਿੰਗਾਪੁਰ ਦੇ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ਕਿਉਂਕਿ ਘਟਨਾ ਵਾਲੀ ਥਾਂ ਭਾਰਤ ਨਹੀਂ ਹੈ, ਇਸ ਲਈ ਅਸੀਂ ਉਸ ਦੇਸ਼ ਤੋਂ ਅਪਰਾਧਿਕ ਹਿੱਸਾ, ਜੇ ਕੋਈ ਹੈ, ਪ੍ਰਾਪਤ ਕਰਾਂਗੇ ਅਤੇ ਜੇਕਰ ਉਸ ਨੂੰ ਅਸਾਮ ਤੋਂ ਗਲਤ ਇਰਾਦੇ ਨਾਲ ਲਿਜਾਇਆ ਗਿਆ ਸੀ, ਤਾਂ ਅਸੀਂ ਰਾਜ ਤੋਂ ਇਹ ਪਹਿਲੂ ਪ੍ਰਾਪਤ ਕਰਾਂਗੇ।’’
ਉਨ੍ਹਾਂ ਕਿਹਾ, ‘‘ਰਾਜ ਸਰਕਾਰ ਨਿਰਪੱਖਤਾ ਨਾਲ ਉਸ ਦੀ ਮੌਤ ਨਾਲ ਸਬੰਧਤ ਸਾਰੇ ਪਹਿਲੂਆਂ ਦਾ ਪਤਾ ਲਗਾਵੇਗੀ ਅਤੇ ਜੇਕਰ ਕੋਈ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਜਾਂ ਗਵਾਹ ਬਣਨਾ ਚਾਹੁੰਦਾ ਹੈ ਤਾਂ ਸਾਰੇ ਪ੍ਰਬੰਧ ਕੀਤੇ ਜਾਣਗੇ।’’
ਹਿੰਮਤਾ ਬਿਸਵਾ ਸਰਮਾ ਨੇ ਕਿਹਾ ਕਿ ਇਹ ਮਾਮਲਾ ਸੂਬੇ ਦੇ ਲੋਕਾਂ ਲਈ ਬਿਲਕੁਲ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਸਿੱਧ ਗਾਇਕ ਦੀ ਮੌਤ ਸਬੰਧੀ ਕੁਝ ਵੀ ਲੁਕਿਆ ਨਾ ਰਹੇ।
