ਅਸਾਮ ਕੈਬਨਿਟ ਨੇ ਬਹੁ-ਵਿਆਹ ’ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਕਿ ਸੂਬਾਈ ਕੈਬਨਿਟ ਨੇ ਬਹੁ-ਵਿਆਹ (ਇੱਕ ਤੋਂ ਵੱਧ ਵਿਆਹ) ’ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਦੋਸ਼ੀ ਨੂੰ ਸੱਤ ਸਾਲ ਤੱਕ ਦੀ ਸਖ਼ਤ ਕੈਦ ਹੋ ਸਕਦੀ ਹੈ। ਹਾਲਾਂਕਿ, ਛੇਵੀਂ ਅਨੁਸੂਚੀ ਵਾਲੇ ਖੇਤਰਾਂ (Sixth Schedule areas) ਲਈ ਕੁਝ ਛੋਟਾਂ ਹੋ ਸਕਦੀਆਂ ਹਨ।
ਕੈਬਨਿਟ ਮੀਟਿੰਗ ਤੋਂ ਬਾਅਦ ਸਰਮਾ ਨੇ ਦੱਸਿਆ ਕਿ ਇਸ ਬਿੱਲ ਨੂੰ ‘ਦਿ ਅਸਾਮ ਪ੍ਰੋਹਿਬੀਸ਼ਨ ਆਫ਼ ਪੌਲੀਗਾਮੀ ਬਿੱਲ, 2025’ ਕਿਹਾ ਜਾਵੇਗਾ। ਇਹ ਬਿੱਲ 25 ਨਵੰਬਰ ਨੂੰ ਅਸਾਮ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਵਿਅਕਤੀ ਬਹੁ-ਵਿਆਹ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਸੱਤ ਸਾਲ ਤੱਕ ਦੀ ਸਖ਼ਤ ਜੇਲ੍ਹ ਹੋ ਸਕਦੀ ਹੈ।
ਸਰਕਾਰ ਨੇ ਬਹੁ-ਵਿਆਹ ਦੀਆਂ ਪੀੜਤ ਔਰਤਾਂ ਨੂੰ ਮੁਆਵਜ਼ਾ ਦੇਣ ਲਈ ਇੱਕ ਨਵਾਂ ਫੰਡ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋੜੀਂਦੇ ਮਾਮਲਿਆਂ ਵਿੱਚ ਵਿੱਤੀ ਸਹਾਇਤਾ ਦੇਵੇਗੀ ਤਾਂ ਜੋ ਕਿਸੇ ਵੀ ਔਰਤ ਨੂੰ ਆਪਣੀ ਜ਼ਿੰਦਗੀ ਜਿਊਣ ਵਿੱਚ ਮੁਸ਼ਕਲ ਪੇਸ਼ ਨਾ ਆਵੇ।
