ਅਸਾਮ: ਪਾਰਟੀ ਦੇ ਸੀਨੀਅਰ ਨੇਤਾ ਨਾਲ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਣ ਬਾਅਦ ਭਾਜਪਾ ਦੀ ਕਿਸਾਨ ਨੇਤਾ ਨੇ ‘ਖ਼ੁਦਕੁਸ਼ੀ’ ਕੀਤੀ
ਗੁਹਾਟੀ, 12 ਅਗਸਤ
ਅਸਾਮ ਵਿੱਚ ਭਾਜਪਾ ਦੀ ਮਹਿਲਾ ਆਗੂ ਨੇ ਪਾਰਟੀ ਦੇ ਸੀਨੀਅਰ ਨੇਤਾ ਨਾਲ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਹ ਘਟਨਾ ਗੁਹਾਟੀ ਦੇ ਬਾਮੁਨੀਮਾਈਦਮ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਮ੍ਰਿਤਕਾ ਦੀ ਪਛਾਣ ਇੰਦਰਾਣੀ ਤਹਬਿਲਦਾਰ ਵਜੋਂ ਹੋਈ ਹੈ, ਜੋ ਸੂਬਾ ਭਾਜਪਾ ਦੀ ਪ੍ਰਮੁੱਖ ਮੈਂਬਰ ਸੀ। ਤਹਬਿਲਦਾਰ ਚੈਂਬਰ ਆਫ਼ ਕਾਮਰਸ ਦੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਸੀ ਅਤੇ ਉਹ ਕਿਸਾਨ ਮੋਰਚੇ ਦੀ ਖ਼ਜ਼ਾਨਚੀ ਵੀ ਸੀ।
ਸੀਨੀਅਰ ਨੇਤਾ ਸੀ ਕਿਰਾਏਦਾਰ
ਸੂਤਰਾਂ ਮੁਤਾਬਕ ਤਹਬਿਲਦਾਰ ਦਾ ਭਾਜਪਾ ਆਗੂ ਨਾਲ ਕਥਿਤ ਨਾਜਾਇਜ਼ ਸਬੰਧ ਸੀ। ਉਹ ਉਸ ਦੇ ਘਰ ਕਿਰਾਏਦਾਰ ਵਜੋਂ ਰਹਿੰਦਾ ਸੀ। ਕਥਿਤ ਜੋੜੇ ਦੀਆਂ ਕੁਝ ਤਸਵੀਰਾਂ ਹਾਲ ਹੀ ਵਿੱਚ ਆਨਲਾਈਨ ਲੀਕ ਹੋਈਆਂ ਹਨ। ਦੋਸ਼ ਹੈ ਕਿ ਮਹਿਲਾ ਭਾਜਪਾ ਨੇਤਾ ਨੇ ਆਪਣੀਆਂ ਤਸਵੀਰਾਂ ਜਨਤਕ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਕੇਂਦਰੀ ਗੁਹਾਟੀ ਦੇ ਡੀਸੀਪੀ ਦੀਪਕ ਚੌਧਰੀ ਨੇ ਕਿਹਾ ਕਿ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਨੂੰ ਗੈਰ-ਕੁਦਰਤੀ ਮੌਤ ਮੰਨਿਆ ਗਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।