ਏਸ਼ੀਆ ਕੱਪ: ਭਾਰਤ ਅਤੇ ਪਾਕਿ ਵਿਚਾਲੇ ਸੁਪਰ-4 ਮੁਕਾਬਲਾ ਅੱਜ
ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਵਧਦੇ ਤਣਾਅ ਵਿਚਾਲੇ ਭਾਰਤ ਐਤਵਾਰ ਨੂੰ ਇੱਥੇ ਏਸ਼ੀਆ ਕੱਪ ਟੀ-20 ਕ੍ਰਿਕਟ ਦੇ ਸੁਪਰ-4 ਮੈਚ ਵਿੱਚ ਜਦੋਂ ਪਾਕਿਸਤਾਨ ਦਾ ਸਾਹਮਣਾ ਕਰੇਗਾ ਤਾਂ ਉਸ ਦਾ ਟੀਚਾ ਇੱਕ ਹੋਰ ਜਿੱਤ ਹਾਸਲ ਕਰਕੇ ਫਾਈਨਲ ਵੱਲ ਇੱਕ ਹੋਰ ਕਦਮ ਵਧਾਉਣਾ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ ਅੱਠ ਵਜੇ ਸ਼ੁਰੂ ਹੋਵੇਗਾ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਬਾਕੀ ਖਿਡਾਰੀਆਂ ਨੇ ਪਾਕਿਸਤਾਨ ਖ਼ਿਲਾਫ਼ ਆਪਣੇ ਆਖਰੀ ਮੈਚ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਨਵਾਂ ਵਿਵਾਦ ਪੈਦਾ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਐਤਕੀਂ ਵੀ ਗੁਆਂਢੀ ਦੇਸ਼ ਖ਼ਿਲਾਫ਼ ਇਹ ਨੀਤੀ ਜਾਰੀ ਰੱਖੇਗੀ।
ਓਮਾਨ ਖ਼ਿਲਾਫ਼ ਮੈਚ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ਦੌਰਾਨ ਅਕਸ਼ਰ ਪਟੇਲ ਦੇ ਸਿਰ ’ਤੇ ਸੱਟ ਲੱਗ ਗਈ ਸੀ ਪਰ ਫੀਲਡਿੰਗ ਕੋਚ ਟੀ. ਦਿਲੀਪ ਅਨੁਸਾਰ ਭਾਰਤੀ ਹਰਫਨਮੌਲਾ ਖਿਡਾਰੀ ਠੀਕ ਹੈ। ਓਮਾਨ ਖ਼ਿਲਾਫ਼ ਮੈਚ ਵਿੱਚ ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ ਦੀ ਜਗ੍ਹਾ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੂੰ ਜਗ੍ਹਾ ਦਿੱਤੀ ਗਈ ਸੀ ਪਰ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਬੁਮਰਾਹ ਅਤੇ ਚੱਕਰਵਰਤੀ ਮੁੜ ਟੀਮ ਵਿੱਚ ਪਰਤ ਸਕਦੇ ਹਨ। ਜੇ ਅਕਸ਼ਰ ਅਨਫਿਟ ਹੈ ਤਾਂ ਵਾਸ਼ਿੰਗਟਨ ਸੁੰਦਰ ਜਾਂ ਰਿਆਨ ਪਰਾਗ ਨੂੰ ਜਗ੍ਹਾ ਮਿਲ ਸਕਦੀ ਹੈ।
ਪਾਕਿਸਤਾਨ ਦੀ ਟੀਮ ਲੈਅ ਵਿੱਚ ਨਹੀਂ ਨਜ਼ਰ ਆ ਰਹੀ। ਜੇ ਕੋਈ ਦੋ ਖਿਡਾਰੀ ਪਾਕਿਸਤਾਨ ਨੂੰ ਦਾਅਵੇਦਾਰੀ ਵਿੱਚ ਰੱਖ ਸਕਦੇ ਹਨ, ਤਾਂ ਉਹ ਫ਼ਖ਼ਰ ਜ਼ਮਾਨ ਅਤੇ ਸ਼ਾਹੀਨ ਸ਼ਾਹ ਅਫਰੀਦੀ ਹਨ। ਅਫਰੀਦੀ ਦੀ ਸਭ ਤੋਂ ਵੱਡੀ ਚੁਣੌਤੀ ਅਭਿਸ਼ੇਕ ਸ਼ਰਮਾ ਦੇ ਹਮਲਾਵਰ ਸੁਭਾਅ ਨੂੰ ਰੋਕਣਾ ਹੋਵੇਗਾ, ਜੋ ਉਹ ਪਿਛਲੇ ਮੈਚ ਵਿੱਚ ਕਰਨ ਵਿੱਚ ਅਸਫਲ ਰਿਹਾ ਸੀ। ਓਮਾਨ ਖ਼ਿਲਾਫ਼ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉੱਤਰੇ ਸੰਜੂ ਸੈਮਸਨ ਨੇ ਨੀਮ ਸੈਂਕੜਾ ਲਾਇਆ ਸੀ ਪਰ ਜੇ ਪਾਕਿਸਤਾਨ ਖ਼ਿਲਾਫ਼ ਸੱਜੇ ਹੱਥ ਦਾ ਬੱਲੇਬਾਜ਼ ਸ਼ੁਭਮਨ ਗਿੱਲ ਜਲਦੀ ਆਊਟ ਹੋ ਜਾਂਦਾ ਹੈ, ਤਾਂ ਉਸ ਦੀ ਜਗ੍ਹਾ ਕਪਤਾਨ ਸੂਰਿਆਕੁਮਾਰ ਬੱਲੇਬਾਜ਼ੀ ਲਈ ਆ ਸਕਦਾ ਹੈ। ਓਮਾਨ ਖ਼ਿਲਾਫ਼ ਮੈਚ ਵਿੱਚ ਸੂਰਿਆਕੁਮਾਰ ਅੱਠ ਵਿਕਟਾਂ ਡਿੱਗਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਨਹੀਂ ਆਇਆ ਸੀ। -ਪੀਟੀਆਈ
ਪਾਈਕ੍ਰਾਫਟ ਹੀ ਹੋਣਗੇ ਭਾਰਤ-ਪਾਕਿ ਮੈਚ ਦੇ ਰੈਫਰੀ
ਦੁਬਈ: ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਸੁਪਰ-4 ਮੈਚ ਦੀ ਜ਼ਿੰਮੇਵਾਰੀ ਮੁੜ ਆਪਣੇ ਏਲੀਟ ਪੈਨਲ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਸੌਂਪੀ ਹੈ। ਸੂਤਰ ਮੁਤਾਬਕ, ‘ਐਂਡੀ ਪਾਈਕ੍ਰਾਫਟ ਭਾਰਤ-ਪਾਕਿਸਤਾਨ ਮੈਚ ਲਈ ਰੈਫਰੀ ਹੋਣਗੇ।’ ਪਿਛਲੇ ਐਤਵਾਰ ਭਾਰਤੀ ਟੀਮ ਨੇ ਨੀਤੀਗਤ ਫੈਸਲੇ ਵਜੋਂ ਪਾਕਿਸਤਾਨੀ ਟੀਮ ਨਾਲ ਹੱਥ ਨਹੀਂ ਮਿਲਾਇਆ ਸੀ ਅਤੇ ਉਸ ਮੁਕਾਬਲੇ ਵਿੱਚ ਮੈਚ ਰੈਫਰੀ ਪਾਈਕ੍ਰਾਫਟ ਹੀ ਸਨ। ਬਾਅਦ ਵਿੱਚ ਪਾਕਿਸਤਾਨੀ ਟੀਮ ਨੇ ਪਾਈਕ੍ਰਾਫਟ ਨੂੰ ਹਟਾਉਣ ਲਈ ਆਈ ਸੀ ਸੀ ਨੂੰ ਦੋ ਈਮੇਲਾਂ ਲਿਖੀਆਂ ਪਰ ਆਈ ਸੀ ਸੀ ਆਪਣੇ ਏਲੀਟ ਪੈਨਲ ਰੈਫਰੀ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਅਤੇ ਪੀ ਸੀ ਬੀ ਦੀਆਂ ਦੋਵੇਂ ਮੰਗਾਂ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤੀਆਂ। -ਪੀਟੀਆਈ