ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ ਕ੍ਰਿਕਟ: ਸੂਰਿਆ ਕੁਮਾਰ ਕਰੇਗਾ ਭਾਰਤੀ ਟੀਮ ਦੀ ਅਗਵਾਈ

ਗਿੱਲ ਨੂੰ ਉਪ-ਕਪਤਾਨ ਬਣਾਇਆ; ਬੁਮਰਾਹ ਦੀ ਵਾਪਸੀ, ਅਭਿਸ਼ੇਕ ਤੇ ਸੰਜੂ ਵੀ ਸ਼ਾਮਲ
Advertisement
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਯੂਏਈ ਵਿੱਚ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤ ਦੀ 15 ਮੈਂਬਰੀ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਇਸ ਟੀਮ ਵਿੱਚ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਟੀ-20 ਟੀਮ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਲੰਬੇ ਸਮੇਂ ਬਾਅਦ ਵਾਪਸੀ ਹੋਈ ਹੈ। ਹਾਲਾਂਕਿ ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਭਾਰਤ ਨੂੰ ਏਸ਼ੀਆ ਕੱਪ ਦੇ ਗਰੁੱਪ ‘ਏ’ ਵਿੱਚ ਪਾਕਿਸਤਾਨ, ਓਮਾਨ ਅਤੇ ਯੂਏਈ ਦੇ ਨਾਲ ਰੱਖਿਆ ਗਿਆ ਹੈ।

 

Advertisement

ਟੀਮ ਵਿੱਚ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸਲਾਮੀ ਬੱਲੇਬਾਜ਼ਾਂ ਵਜੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਤਰ੍ਹਾਂ ਮੈਨੇਜਮੈਂਟ ਨੂੰ ਗਿੱਲ ਦੇ ਬੱਲੇਬਾਜ਼ੀ ਕ੍ਰਮ ਬਾਰੇ ਸੋਚਣਾ ਪਵੇਗਾ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਇਸ ਨੂੰ ਇੱਕ ਚੰਗੀ ਸਮੱਸਿਆ ਦੱਸਿਆ ਹੈ। ਅਗਰਕਰ ਅਨੁਸਾਰ ਸੈਮਸਨ ਨੂੰ ਮੱਧਕ੍ਰਮ ਵਿੱਚ ਵੀ ਖਿਡਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤਿਲਕ ਵਰਮਾ ਤੇ ਰਿੰਕੂ ਸਿੰਘ ਵੀ ਬੱਲੇਬਾਜ਼ਾਂ ਵਿੱਚ ਸ਼ਾਮਲ ਹਨ। ਹਰਫਨਮੌਲਾ ਖਿਡਾਰੀਆਂ ਵਿੱਚ ਹਾਰਦਿਕ ਪੰਡਿਆ, ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਸ਼ਾਮਲ ਹਨ। ਵਿਕਟਕੀਪਰ ਵਜੋਂ ਜਿਤੇਸ਼ ਸ਼ਰਮਾ ਨੂੰ ਦੂਜੇ ਵਿਕਟਕੀਪਰ ਬੱਲੇਬਾਜ਼ ਵਜੋਂ ਸ਼ਾਮਲ ਕੀਤਾ ਗਿਆ ਹੈ। ਸਪਿਨ ਵਿਭਾਗ ਵਿੱਚ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਮੁੱਖ ਗੇਂਦਬਾਜ਼ ਹਨ। ਟੀਮ ਕੋਲ ਅਕਸ਼ਰ ਪਟੇਲ ਦੇ ਰੂਪ ਵਿੱਚ ਇੱਕ ਹੋਰ ਸਪਿੰਨਰ ਵੀ ਮੌਜੂਦ ਹੈ। ਤੇਜ਼ ਗੇਂਦਬਾਜ਼ੀ ਦੀ ਅਗਵਾਈ ਬੁਮਰਾਹ ਦੇ ਨਾਲ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਕਰਨਗੇ। ਚੋਣ ਕਮੇਟੀ ਨੇ ਪੰਜ ਖਿਡਾਰੀਆਂ ਨੂੰ ਸਟੈਂਡਬਾਏ ਵਜੋਂ ਚੁਣਿਆ ਹੈ। ਇਨ੍ਹਾਂ ਵਿੱਚ ਯਸ਼ਸਵੀ ਜੈਸਵਾਲ, ਪ੍ਰਸਿੱਧ ਕ੍ਰਿਸ਼ਨਾ, ਵਾਸ਼ਿੰਗਟਨ ਸੁੰਦਰ, ਰਿਆਨ ਪਰਾਗ ਅਤੇ ਧਰੁਵ ਜੁਰੇਲ ਸ਼ਾਮਲ ਹਨ।

ਮਹਿਲਾ ਵਿਸ਼ਵ ਕੱਪ ਲਈ ਵੀ ਭਾਰਤੀ ਟੀਮ ਦਾ ਐਲਾਨ

ਮੁੰਬਈ: ਭਾਰਤ ਵਿੱਚ 30 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਅਗਵਾਈ ਹਰਮਨਪ੍ਰੀਤ ਕੌਰ ਕਰੇਗੀ। ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਹੋਵੇਗਾ। ਸੱਟ ਤੋਂ ਠੀਕ ਹੋ ਕੇ ਪਰਤੀ ਤੇਜ਼ ਗੇਂਦਬਾਜ਼ ਰੇਣੂਕਾ ਠਾਕੁਰ ਅਤੇ ਸਿਖਰਲੇ ਕ੍ਰਮ ਦੀ ਬੱਲੇਬਾਜ਼ ਪ੍ਰਤੀਕਾ ਰਾਵਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਹਮਲਾਵਰ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਟੀਮ ਵਿੱਚ 22 ਸਾਲਾ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਵੀ ਸ਼ਾਮਲ ਹੈ, ਜਿਸ ਨੇ ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ ਛੇ ਵਿਕਟਾਂ ਲਈਆਂ ਸਨ। ਟੀਮ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੈਮੀਮਾ ਰੌਡਰਿਗਜ਼, ਰੇਣੂਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼, ਕ੍ਰਾਂਤੀ ਗੌੜ, ਅਮਨਜੋਤ ਕੌਰ, ਰਾਧਾ ਯਾਦਵ, ਸ੍ਰੀ ਚਰਨੀ, ਯਸਤਿਕਾ ਭਾਟੀਆ ਅਤੇ ਸਨੇਹ ਰਾਣਾ ਸ਼ਾਮਲ ਹਨ। -ਪੀਟੀਆਈ

 

Advertisement
Show comments