ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ ਕ੍ਰਿਕਟ: ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ ਅੱਜ

ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਚ ਉਤਰੇਗੀ ਸੂਰਿਆਕੁਮਾਰ ਦੀ ਅਗਵਾਈ ਹੇਠਲੀ ਟੀਮ
Advertisement

ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ਮੈਚ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਚ ਉਤਰੇਗੀ। ਰਾਤ ਅੱਠ ਵਜੇ ਸ਼ੁਰੂ ਹੋਣ ਵਾਲੇ ਇਸ ਮੈਚ ਵਿੱਚ ਦੋਹਾਂ ਟੀਮਾਂ ਦੇ ਸਪਿੰਨਰਾਂ ’ਤੇ ਨਜ਼ਰ ਰਹੇਗੀ। ਚਾਰ ਮਹੀਨਿਆਂ ਬਾਅਦ ਭਾਰਤ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਇਹ ਮੈਚ ਕਾਫੀ ਅਹਿਮ ਹੈ ਪਰ ਕਈ ਸਾਲਾਂ ਵਿੱਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਕ੍ਰਿਕਟ ਮੈਚ ਲਈ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਹੈ, ਜੋ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਮੈਚ ਵਿੱਚ ਦੇਖਿਆ ਜਾਂਦਾ ਹੈ। ਭਾਰਤੀ ਟੀਮ ਵਿੱਚ ਸ਼ੁਭਮਨ ਗਿੱਲ, ਸੂਰਿਆਕੁਮਾਰ, ਅਭਿਸ਼ੇਕ ਸ਼ਰਮਾ ਵਰਗੇ ਬੱਲੇਬਾਜ਼, ਜਸਪ੍ਰੀਤ ਬੁਮਰਾਹ ਵਰਗਾ ਤੇਜ਼ ਗੇਂਦਬਾਜ਼ ਅਤੇ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਵਰਗੇ ਸ਼ਾਨਦਾਰ ਸਪਿੰਨਰ ਹਨ। ਕਾਗਜ਼ਾਂ ’ਤੇ ਭਾਰਤੀ ਟੀਮ ਪਾਕਿਸਤਾਨ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ।

 

Advertisement

ਦੂਜੇ ਪਾਸੇ ਪਾਕਿਸਤਾਨੀ ਟੀਮ ਨਵੇਂ ਕਪਤਾਨ ਸਲਮਾਨ ਅਲੀ ਆਗਾ ਦੀ ਅਗਵਾਈ ਹੇਠ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਇਸ ਫਾਰਮੈਟ ਦੇ ਬਦਲਦੇ ਸੁਭਾਅ ਨੂੰ ਦੇਖਦਿਆਂ ਹਮੇਸ਼ਾ ਉਲਟਫੇਰ ਦੀ ਸੰਭਾਵਨਾ ਰਹਿੰਦੀ ਹੈ।ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਆਇਆ ਹੈ। ਬਾਅਦ ਵਿੱਚ ਹੋਈ ਫੌਜੀ ਕਾਰਵਾਈ ਅਤੇ ਜਨਤਕ ਗੁੱਸੇ ਨੇ ਮਹਾਂਦੀਪੀ ਕ੍ਰਿਕਟ ਦੇ ਇਸ ਸਭ ਤੋਂ ‘ਹਾਈ-ਪ੍ਰੋਫਾਈਲ’ ਮੈਚ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੈਚ ਲਈ ਹਜ਼ਾਰਾਂ ਟਿਕਟਾਂ ਹਾਲੇ ਨਹੀਂ ਵਿਕੀਆਂ ਅਤੇ ਸ਼ੁੱਕਰਵਾਰ ਨੂੰ ਭਾਰਤ ਦੇ ਅਭਿਆਸ ਸੈਸ਼ਨ ਵਿੱਚ ਬਹੁਤ ਘੱਟ ਦਰਸ਼ਕ ਆਏ। -ਪੀਟੀਆਈ

 

ਪਹਿਲਗਾਮ ਹਮਲੇ ’ਚ ਮਾਰੇ ਸ਼ੁਭਮ ਦੀ ਪਤਨੀ ਵੱਲੋਂ ਮੈਚ ਦੇ ਬਾਈਕਾਟ ਦੀ ਅਪੀਲ

ਕਾਨਪੁਰ: ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤ ਸ਼ੁਭਮ ਦਿਵੇਦੀ ਦੀ ਪਤਨੀ ਐਸ਼ਾਨਿਆ ਦਿਵੇਦੀ ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਮੈਚ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਐਸ਼ਾਨਿਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਲੀਵਿਜ਼ਨ ’ਤੇ ਵੀ ਮੈਚ ਨਾ ਦੇਖਣ। ਉਸ ਨੇ ਕਿਹਾ, ‘ਮੈਂ ਲੋਕਾਂ ਨੂੰ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰਦੀ ਹਾਂ। ਨਾ ਤਾਂ ਇਸ ਨੂੰ ਦੇਖਣ ਜਾਓ ਅਤੇ ਨਾ ਹੀ ਦੇਖਣ ਲਈ ਟੀਵੀ ਚਲਾਓ।’ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਿਖੇਧੀ ਕਰਦਿਆਂ ਉਸ ਨੇ ਕਿਹਾ ਕਿ ਬੋਰਡ ਅਤਿਵਾਦੀ ਹਮਲੇ ਵਿੱਚ ਮਾਰੇ ਗਏ 26 ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਭਾਰਤੀ ਕ੍ਰਿਕਟ ਟੀਮ ’ਤੇ ਸਵਾਲ ਉਠਾਉਂਦਿਆਂ ਉਸ ਨੇ ਦਾਅਵਾ ਕੀਤਾ ਕਿ ਦੋ-ਤਿੰਨ ਕ੍ਰਿਕਟਰਾਂ ਨੂੰ ਛੱਡ ਕੇ ਕਿਸੇ ਵੀ ਖਿਡਾਰੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਦੇ ਬਾਈਕਾਟ ਦੀ ਮੰਗ ਨਹੀਂ ਕੀਤੀ। ਉਸ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਆਪਣੇ ਦੇਸ਼ ਲਈ ਸਟੈਂਡ ਲੈਣਾ ਚਾਹੀਦਾ ਹੈ। ਉਸ ਨੇ ਸਪਾਂਸਰਾਂ ਅਤੇ ਬ੍ਰਾਡਕਾਸਟਰਾਂ ’ਤੇ ਵੀ ਸਵਾਲ ਚੁੱਕੇ। -ਏਐੱਨਆਈ

 

ਕੀ ਟਰੰਪ ਦੇ ਦਬਾਅ ਹੇਠ ਹੋ ਰਿਹੈ ਮੈਚ: ਕੇਜਰੀਵਾਲ

ਭਾਰਤ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਸਮੇਤ ਹੋਰ ਨੇਤਾਵਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਅਰਵਿੰਦ ਕੇਜਰੀਵਾਲ ਨੇ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨਾਲ ਮੈਚ ਕਰਵਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਕਹਿ ਰਿਹਾ ਹੈ ਕਿ ਇਹ ਮੈਚ ਨਹੀਂ ਹੋਣਾ ਚਾਹੀਦਾ, ਫਿਰ ਇਹ ਮੈਚ ਕਿਉਂ ਕਰਵਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਸਵਾਲ ਉਠਾਇਆ ਕਿ ਇਹ ਮੈਚ ਟਰੰਪ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੰਪ ਅੱਗੇ ਕਿੰਨਾ ਝੁਕਣਗੇ। ਦੂਜੇ ਪਾਸੇ, ਮਨੀਸ਼ ਸਿਸੋਦੀਆ ਨੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਸ਼ਹੀਦਾਂ ਦੇ ਖੂਨ ਤੋਂ ਕ੍ਰਿਕਟ ਦਾ ਜਨੂੰਨ ਕਦੋਂ ਤੋਂ ਵੱਡਾ ਹੋ ਗਿਆ ਹੈ।

 

ਪਾਕਿ ਨਾਲ ਕ੍ਰਿਕਟ ਮੈਚ ਰਾਸ਼ਟਰੀ ਭਾਵਨਾਵਾਂ ਦਾ ਅਪਮਾਨ: ਊਧਵ

ਮੁੰਬਈ: ਸ਼ਿਵ ਸੈਨਾ (ਯੂੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡਣਾ ਰਾਸ਼ਟਰੀ ਭਾਵਨਾਵਾਂ ਦਾ ਅਪਮਾਨ ਹੈ। ਉਨ੍ਹਾਂ ਮਹਾਰਾਸ਼ਟਰ ਭਰ ਵਿੱਚ ‘ਸਿੰਧੂਰ ਪ੍ਰਦਰਸ਼ਨਾਂ’ ਦਾ ਐਲਾਨ ਵੀ ਕੀਤਾ। ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਊਧਵ ਨੇ ਕਿਹਾ ਕਿ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਮੈਚ ਦਾ ਬਾਈਕਾਟ ਕਰਕੇ ਦੁਨੀਆ ਨੂੰ ਅਤਿਵਾਦ ’ਤੇ ਭਾਰਤ ਦੇ ਸਟੈਂਡ ਤੋਂ ਜਾਣੂ ਕਰਵਾਉਣ ਦਾ ਮੌਕਾ ਹੈ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਪੁੱਛਿਆ ਕਿ ਕੀ ਸਰਕਾਰ ਇਹ ਐਲਾਨ ਕਰਨ ਜਾ ਰਹੀ ਹੈ ਕਿ ‘ਅਪਰੇਸ਼ਨ ਸਿੰਧੂਰ’ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇਸ਼ ਭਗਤਾਂ ਨੂੰ ਕ੍ਰਿਕਟ ਮੈਚ ਨਾ ਦੇਖਣ ਦੀ ਅਪੀਲ ਕੀਤੀ। -ਪੀਟੀਆਈ

Advertisement
Show comments