ਆਸਾਰਾਮ ਬਾਪੂ ਨੂੰ ਮੈਡੀਕਲ ਅਧਾਰ ’ਤੇ ਛੇ ਮਹੀਨਿਆਂ ਲਈ ਮਿਲੀ ਜ਼ਮਾਨਤ
ਰਾਜਸਥਾਨ ਹਾਈ ਕੋਰਟ ਨੇ ਅਖੌਤੀ ਸਾਧ ਆਸਾਰਾਮ ਬਾਪੂ ਨੂੰ ਮੈਡੀਕਲ ਅਧਾਰ ’ਤੇ ਛੇ ਮਹੀਨਿਆਂ ਲਈ ਜ਼ਮਾਨਤ ਦੇ ਦਿੱਤੀ ਹੈ। ਇਹ ਅਖੌਤੀ ਸਾਧ ਇਕ ਨਾਬਾਲਗ ਨਾਲ ਜਬਰ-ਜਨਾਹ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਵੀ ਆਸਾਰਾਮ ਬਾਪੂ ਨੂੰ ਤਿੰਨ ਵਾਰ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ।
ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਤੇ ਜਸਟਿਸ ਸੰਗੀਤਾ ਸ਼ਰਮਾ ਦੇ ਬੈਂਚ ਨੇ ਉਪਰੋਕਤ ਹੁਕਮ ਅਖੌਤੀ ਸਾਧ ਵੱਲੋਂ ਆਪਣੀ ਸਜ਼ਾ ਮੁਅੱਤਲੀ ਤੇ ਨਿਯਮਤ ਜ਼ਮਾਨਤ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੇ। ਆਸਾਰਾਮ ਅਪਰੈਲ 2018 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ 12 ਸਾਲ ਜੇਲ੍ਹ ਵਿਚ ਰਹਿਣ ਮਗਰੋਂ ਉਸ ਨੂੰ ਪਹਿਲੀ ਵਾਰ 7 ਜਨਵਰੀ 2025 ਨੂੰ ਮੈਡੀਕਲ ਅਧਾਰ ’ਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ। ਮਗਰੋਂ ਜੁਲਾਈ ਤੇ ਅਗਸਤ ਵਿਚ ਵਧਾ ਦਿੱਤੀ ਗਈ। ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਦੇ ਬੈਂਚ ਵੱਲੋਂ 27 ਅਗਸਤ ਨੂੰ ਅੰਤਰਿਮ ਜ਼ਮਾਨਤ ਵਿਚ ਵਾਧੇ ਸਬੰਧੀ ਆਸਾਰਾਮ ਦੀ ਪਟੀਸ਼ਨ ਰੱਦ ਕੀਤੇ ਜਾਣ ਮਗਰੋਂ ਅਖੌਤੀ ਸਾਧ 30 ਅਗਸਤ ਨੂੰ ਜੇਲ੍ਹ ਮੁੜ ਆਇਆ ਸੀ।
