Arunachal accident: ਟਰੱਕ ਖੱਡ ’ਚ ਡਿੱਗਣ ਕਾਰਨ 18 ਮੌਤਾਂ, 3 ਲਾਪਤਾ
Arunachal accident: ਇੱਥੇ ਇੱਕ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਲਾਪਤਾ ਦੱਸੇ ਜਾ ਰਹੇ ਹਨ। ਤਿਨਸੁਕੀਆ ਦੇ ਜ਼ਿਲ੍ਹਾ ਕਮਿਸ਼ਨਰ ਸਵਪਨੀਲ ਪਾਲ ਨੇ ਦੱਸਿਆ ਕਿ ਇਹ ਘਟਨਾ ਪਹਾੜੀ ਰਾਜ ਦੇ ਪੂਰਬੀ ਹਿੱਸੇ ਵਿੱਚ ਅੰਜਾਵ ਜ਼ਿਲ੍ਹੇ ਦੇ ਹਯੂਲਿਆਂਗ-ਚਗਲਾਗਾਮ ਰੋਡ 'ਤੇ ਵਾਪਰੀ।
ਉਨ੍ਹਾਂ ਅੱਗੇ ਕਿਹਾ, "ਅੱਜ ਸਵੇਰੇ 11 ਵਜੇ ਦੇ ਕਰੀਬ ਸਾਨੂੰ ਜਾਣਕਾਰੀ ਮਿਲੀ ਕਿ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਵਿੱਚ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ ਹੈ। ਇਸ ਅਨੁਸਾਰ ਅਸੀਂ ਪੁਸ਼ਟੀ ਲਈ ਅੰਜਾਵ ਅਤੇ ਤੇਜੂ ਦੇ ਜ਼ਿਲ੍ਹਾ ਕਮਿਸ਼ਨਰਾਂ ਨਾਲ ਸੰਪਰਕ ਕੀਤਾ।"
ਪਾਲ ਨੇ ਕਿਹਾ, "ਦੋ ਡੀਸੀ’ਜ਼ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਇੱਕ ਵਿਅਕਤੀ ਨੂੰ ਜ਼ਿੰਦਾ ਪਾਇਆ ਹੈ। 3 ਹੋਰ ਵਿਅਕਤੀ ਅਜੇ ਵੀ ਲਾਪਤਾ ਹਨ।" ਉਨ੍ਹਾਂ ਦੱਸਿਆ ਕਿ ਤਿਨਸੁਕੀਆ ਤੋਂ ਇੱਕ ਟੀਮ, ਜਿਸ ਵਿੱਚ ਸਰਕਲ ਅਫਸਰ ਅਤੇ ਪੁਲੀਸ ਕਰਮਚਾਰੀ ਸ਼ਾਮਲ ਹਨ, ਨੂੰ ਹੋਰ ਅਪਡੇਟਸ ਲੈਣ ਲਈ ਗੁਆਂਢੀ ਰਾਜ ਭੇਜਿਆ ਗਿਆ ਹੈ।
ਤਿਨਸੁਕੀਆ ਦੇ ਸਰਕਲ ਅਫਸਰ ਜੈਦੀਪ ਰਾਜਕ ਨੇ ਕਿਹਾ, "ਸ਼ੁਰੂਆਤੀ ਰਿਪੋਰਟਾਂ ਅਨੁਸਾਰ ਮਜ਼ਦੂਰਾਂ ਨੂੰ ਹਯੂਲਿਆਂਗ ਵਿੱਚ ਇੱਕ ਪ੍ਰਾਈਵੇਟ ਠੇਕੇਦਾਰ ਵੱਲੋਂ ਇੱਕ ਪ੍ਰੋਜੈਕਟ ਵਿੱਚ ਲਗਾਇਆ ਗਿਆ ਸੀ। ਉਹ ਇੱਕ ਡੰਪਰ ਵਿੱਚ ਸਫ਼ਰ ਕਰ ਰਹੇ ਸਨ ਜੋ ਸੜਕ ਤੋਂ ਖਿਸਕ ਗਿਆ ਅਤੇ ਲਗਪਗ 1,000 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਬਚਾਅ ਕਾਰਜ ਜਾਰੀ ਹਨ।"
ਤਿਨਸੁਕੀਆ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲੀਸ ਮਯੰਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ 22 ਮਜ਼ਦੂਰ ਇੱਕ ਹੋਸਟਲ ਦੇ ਨਿਰਮਾਣ ਲਈ ਅਰੁਣਾਚਲ ਪ੍ਰਦੇਸ਼ ਗਏ ਸਨ। ਉਨ੍ਹਾਂ ਅੱਗੇ ਕਿਹਾ, "ਉਹ ਢੇਲਾਘਾਟ, ਗਿੱਲਾਪੁਕਰੀ ਟੀ ਅਸਟੇਟ ਦੇ ਸਨ। ਡੰਪਰ ਵਿੱਚ ਸਵਾਰ 22 ਲੋਕਾਂ ਵਿੱਚੋਂ, 21 ਦੇ ਮਾਰੇ ਜਾਣ ਦੀ ਖ਼ਬਰ ਹੈ।"
