ਫੌਜ ਨੇ ਹੜ੍ਹ ’ਚ ਘਿਰੇ ਪੰਜਾਬ ਦੇ ਪਿੰਡ ’ਚੋਂ CRPF ਦੇ 22 ਜਵਾਨਾਂ ਤੇ ਤਿੰਨ ਆਮ ਨਾਗਰਿਕਾਂ ਨੂੰ ਬਚਾਇਆ
ਭਾਰਤੀ ਫੌਜ ਦੇ ਇਕ ਹੈਲੀਕਾਪਟਰ ਨੇ ਬੁੱਧਵਾਰ ਸਵੇਰੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡ ਤੋਂ ਕੇਂਦਰੀ ਰਿਜ਼ਰਵ ਪੁਲੀਸ ਫੋਰਸ (CRPF) ਦੇ 22 ਜਵਾਨਾਂ ਅਤੇ ਤਿੰਨ ਆਮ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ CRPF ਦੇ ਜਵਾਨਾਂ ਅਤੇ ਨਾਗਰਿਕਾਂ ਨੇ ਇੱਕ ਇਮਾਰਤ ਵਿੱਚ ਪਨਾਹ ਲਈ ਹੋਈ ਸੀ ਪਰ ਉਨ੍ਹਾਂ ਨੂੰ ਉਥੋਂ ਸੁਰੱਖਿਅਤ ਕੱਢਣ ਮਗਰੋਂ ਕੁਝ ਦੇਰ ਬਾਅਦ ਇਮਾਰਤ ਢਹਿ ਗਈ।
ਪੰਜਾਬ ਦੇ ਕਈ ਹਿੱਸਿਆਂ ਵਿਚ ਲਗਾਤਾਰ ਭਾਰੀ ਮੀਂਹ ਕਰਕੇ ਕਈ ਇਲਾਕਿਆਂ ਵਿਚ ਅਚਾਨਕ ਹੜ੍ਹ ਆ ਗਏ। ਉਧਰ ਮੀਂਹ ਕਰਕੇ ਸਤਲੁਜ, ਬਿਆਸ ਤੇ ਰਾਵੀ ਦਰਿਆ ਤੇ ਛੋਟੇ ਨਦੀ ਨਾਲਿਆਂ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ‘ਆਰਮੀ ਏਵੀਏਸ਼ਨ’ ਨੇ ਫੌਰੀ ਤੇ ਦਲੇਰਾਨਾ ਕਾਰਵਾਈ ਵਿਚ ਅੱਜ ਸਵੇਰੇ 6 ਵਜੇ ਦੇ ਕਰੀਬ ਵਿੱਢੇ ਬਚਾਅ ਮਿਸ਼ਨ ਦੌਰਾਨ ਜੰਮੂ ਕਸ਼ਮੀਰ ਦੇ ਲਖਨਪੁਰ ਦੀ ਸਰਹੱਦ ਨਾਲ ਲੱਗਦੇ ਮਾਧੋਪੁਰ ਹੈੱਡਵਰਕਸ ’ਤੇ ਫਸੇ 25 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ, ਬੁੱਧਵਾਰ ਸਵੇਰੇ 6 ਵਜੇ ਆਰਮੀ ਏਵੀਏਸ਼ਨ ਦੇ ਹੈਲੀਕਾਪਟਰ ਬਚਾਅ ਕਾਰਜ ਲਈ ਰਵਾਨਾ ਹੋਏ ਅਤੇ ਸਾਰੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਜਿਸ ਇਮਾਰਤ ਵਿੱਚ ਇਹ ਲੋਕ ਪਨਾਹ ਲੈ ਰਹੇ ਸਨ, ਉਹ ਉਨ੍ਹਾਂ ਨੂੰ ਕੱਢਣ ਤੋਂ ਤੁਰੰਤ ਬਾਅਦ ਢਹਿ ਗਈ। ਇਹ ਬਚਾਅ ਕਾਰਜ ਦੀ ਸਮੇਂ ਸਿਰ ਸੰਪੂਰਨਤਾ ਅਤੇ ਸ਼ੁੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ, ‘‘ਇਹ ਸਫਲ ਕਾਰਜ ਇੱਕ ਵਾਰ ਫਿਰ ਲੋਕਾਂ ਦੀ ਜਾਨ ਬਚਾਉਣ ਪ੍ਰਤੀ ਭਾਰਤੀ ਫੌਜ ਦੀ ਅਟੁੱਟ ਵਚਨਬੱਧਤਾ ਅਤੇ ਸੰਕਟ ਦੀ ਸਥਿਤੀ ਵਿੱਚ ਤੁਰੰਤ ਜਵਾਬ ਦੇਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਫੌਜ ਅਤੇ ਸਥਾਨਕ ਅਧਿਕਾਰੀਆਂ ਵਿਚਕਾਰ ਤਾਲਮੇਲ ਕਾਰਨ ਇੱਕ ਸੰਭਾਵੀ ਦੁਖਾਂਤ ਟਲ ਗਿਆ।’’