ਬਾਰੂਦੀ ਸੁਰੰਗ ਧਮਾਕੇ ’ਚ ਸ਼ਹੀਦ ਜਵਾਨਾਂ ਨੂੰ ਫ਼ੌਜ ਵੱਲੋਂ ਸ਼ਰਧਾਂਜਲੀਆਂ
ਜੰਮੂ, 12 ਫਰਵਰੀ
ਅਖਨੂਰ ਸੈਕਟਰ ’ਚ ਕੰਟਰੋਲ ਰੇਖਾ ’ਤੇ ਭੱਟਲ ਇਲਾਕੇ ’ਚ ਬਾਰੂਦੀ ਸੁਰੰਗ ਧਮਾਕੇ ’ਚ ਲੰਘੇ ਦਿਨ ਕੈਪਟਨ ਸਣੇ ਸ਼ਹੀਦ ਹੋਏ ਦੋ ਜਵਾਨਾਂ ਨੂੰ ਅੱਜ ਇੱਥੇ ਜੰਮੂ ਅਧਾਰਿਤ ਵ੍ਹਾਈਟ ਨਾਈਟ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਨਵੀਨ ਸਚਦੇਵਾ ਦੀ ਅਗਵਾਈ ਹੇਠ ਸ਼ਰਧਾਂਜਲੀ ਭੇਟ ਕੀਤੀ ਗਈ। ਝਾਰਖੰਡ ਦੇ ਰਾਂਚੀ ਦੇ ਕੈਪਟਨ ਕਰਮਜੀਤ ਸਿੰਘ ਬਖਸ਼ੀ ਅਤੇ ਜੰਮੂ ਕਸ਼ਮੀਰ ਦੇ ਸਾਂਬਾ ਦੇ ਨਾਇਕ ਮੁਕੇਸ਼ ਮਨਹਾਸ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਬਾਅਦ ਦੁਪਹਿਰ 2 ਵਜੇ ਇੱਥੇ ਭਾਰਤੀ ਹਵਾਈ ਸੈਨਾ (ਆਈਏਐੱਫ) ਸਟੇਸ਼ਨ ’ਤੇ ਕਰਵਾਇਆ ਗਿਆ, ਜਿਸ ਮਗਰੋਂ ਸ਼ਹੀਦ ਜਵਾਨਾਂ ਦੀਆਂ ਦੇਹਾਂ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਸਚਦੇਵਾ ਤੇ ਹੋਰ ਰੈਂਕਾਂ ਦੇ ਅਧਿਕਾਰੀਆਂ ਨੇ ਸ਼ਹੀਦ ਜਵਾਨਾਂ ਦੀਆਂ ਦੇਹਾਂ ਫੁੱਲ ਮਾਲਾਵਾਂ ਭੇਟ ਕੀਤੀਆਂ। ਸਮਾਗਮ ’ਚ ਹਵਾਈ ਫ਼ੌਜ ਤੇ ਪੁਲੀਸ ਸੀਨੀਅਰ ਅਧਿਕਾਰੀਆਂ ਸਣੇ ਜੰਮੂ ਦੇ ਡਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ, ਏਡੀਜੀਪੀ ਆਨੰਦ ਜੈਨ ਤੇ ਜੰਮੂੁ ਜ਼ੋਨ ਦੇ ਆਈਜੀਪੀ ਭੀਮ ਸੈਨ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ।
ਅਧਿਕਾਰੀਆਂ ਮੁਤਾਬਕ ਸ਼ਰਧਾਂਜਲੀ ਸਮਾਗਮ ਮਗਰੋਂ ਦੋਵਾਂ ਸ਼ਹੀਦਾਂ ਦੀਆਂ ਦੇਹਾਂ ਪੂਰੇ ਸਨਮਾਨ ਨਾਲ ਉਨ੍ਹਾਂ ਦੇ ਘਰਾਂ ਨੂੰ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਕੈਪਟਨ ਬਖਸ਼ੀ ਤੇ ਨਾਇਕ ਮਨਹਾਸ ਦਾ ਵਿਆਹ ਆਉਣ ਵਾਲੇ ਅਪਰੈਲ ਮਹੀਨੇ ਹੋਣਾ ਸੀ। -ਪੀਟੀਆਈ
ਕੈਮਿਲਾ ਦੇ ਸਰਪੰਚ ਵੱਲੋਂ ਜਵਾਨਾਂ ਦੀ ਸ਼ਹੀਦੀ ਦੇਸ਼ ਲਈ ਵੱਡਾ ਘਾਟਾ ਕਰਾਰ
ਸਾਂਬਾ: ਸਾਂਬਾ ਜ਼ਿਲ੍ਹੇ ’ਚ ਪੈਂਦੇ ਪਿੰਡ ਕੈਮਿਲਾ ਦੇ ਸਰਪੰਚ ਮੁਖਤਾਰ ਸਿੰਘ ਨੇ ਬਾਰੂਦੀ ਸੁਰੰਗ ਧਮਾਕੇ ’ਚ ਆਪਣੇ ਪਿੰਡ ਦੇ ਨਾਇਕ ਮੁਕੇਸ਼ ਮਨਹਾਸ ਸਣੇ ਦੋ ਜਵਾਨਾਂ ਦੀ ਸ਼ਹੀਦੀ ਨੂੰ ‘ਦੇਸ਼ ਲਈ ਵੱਡਾ ਘਾਟਾ’ ਕਰਾਰ ਦਿੱਤਾ ਹੈ। ਨਾਇਕ ਮੁਕੇਸ਼ ਦੀ ਸ਼ਹੀਦੀ ਮਗਰੋਂ ਉਸ ਦੇ ਪਿੰਡ ਕੈਮਿਲਾ ’ਚ ਸੋਗ ਦੀ ਲਹਿਰ ਹੈ। ਮੁਖਤਾਰ ਸਿੰਘ ਨੇ ਕਿਹਾ, ‘‘ਉਹ (ਮੁਕੇਸ਼) ਆਪਣੀਆਂ ਛੁੱਟੀਆਂ ਦੌਰਾਨ ਬੱਚਿਆਂ ਨਾਲ ਖੇਡਦਾ ਸੀ। ਉਸ ਦਾ ਛੋਟਾ ਭਰਾ ਵੀ ਫੌਜ ਵਿੱਚ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’ -ਏਐੱਨਆਈ