ਟੀਐੱਮਸੀ ਦੀ ਸਟੇਜ ਹਟਾਉਣ ਲਈ ਫੌਜ ਦੀ ਦੁਰਵਰਤੋਂ ਕੀਤੀ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕੇਂਦਰ ਸਰਕਾਰ ’ਤੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਬੰਗਾਲੀ ਭਾਸ਼ੀ ਪਰਵਾਸੀ ਮਜ਼ਦੂਰਾਂ ’ਤੇ ਹੋਏ ਕਥਿਤ ਅੱਤਿਆਚਾਰਾਂ ਖ਼ਿਲਾਫ਼ ਇੱਥੇ ਬਣਾਈ ਸਟੇਜ ਨੂੰ ਹਟਾਉਣ ਲਈ ਫੌਜ ਦੀ ‘ਦੁਰਵਰਤੋਂ’ ਕਰਨ ਦਾ ਦੋਸ਼ ਲਾਇਆ। ਫੌਜ ਨੇ ਕੇਂਦਰੀ ਕੋਲਕਾਤਾ ਦੇ ਮੈਦਾਨ ਖੇਤਰ ਵਿੱਚ ਗਾਂਧੀ ਦੇ ਬੁੱਤ ਨੇੜੇ ਬਣਾਏ ਤ੍ਰਿਣਮੂਲ ਕਾਂਗਰਸ ਦੀ ਸਟੇਜ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੌਕੇ ’ਤੇ ਪੁੱਜੀ ਮਮਤਾ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਫੌਜ ਨੂੰ ਦੋਸ਼ ਨਹੀਂ ਦਿੰਦੀ, ਪਰ ਇਸ ਪਿੱਛੇ ਭਾਜਪਾ ਦੀ ਬਦਲੇ ਦੀ ਸਿਆਸਤ ਹੈ। ਭਾਜਪਾ ਦੀ ਡਬਲ-ਇੰਜਣ ਸਰਕਾਰ ਦੋਸ਼ੀ ਹੈ। ਉਹ ਫੌਜ ਦੀ ਦੁਰਵਰਤੋਂ ਕਰ ਰਹੀ ਹੈ। ਇਹ ਅਨੈਤਿਕ ਅਤੇ ਗੈਰ-ਜਮਹੂਰੀ ਹੈ।’’ ਉਨ੍ਹਾਂ ਕਿਹਾ ਕਿ ਫੌਜ ਨੂੰ ਸਟੇਜ ਹਟਾਉਣ ਤੋਂ ਪਹਿਲਾਂ ਕੋਲਕਾਤਾ ਪੁਲੀਸ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ, ‘‘ਉਹ ਮੈਨੂੰ ਬੁਲਾ ਲੈਂਦੇ ਅਤੇ ਮੈਂ ਕੁਝ ਮਿੰਟਾਂ ਵਿੱਚ ਸਟੇਜ ਹਟਾ ਦਿੰਦੀ।’’ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਫੌਜ ਨੂੰ ਦੋਸ਼ ਨਹੀਂ ਦਿੰਦੀ, ਬੱਸ ਉਸ ਨੂੰ ਅਪੀਲ ਕਰਦੀ ਹਾਂ ਕਿ ਉਹ ਨਿਰਪੱਖ ਰਹੇ ਅਤੇ ਭਾਜਪਾ ਦੇ ਹੱਥਾਂ ਵਿੱਚ ਨਾ ਖੇਡੇ।’’
ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜ (ਸਥਾਨਕ ਫੌਜੀ ਅਥਾਰਟੀ, ਕੋਲਕਾਤਾ) ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮੈਦਾਨੀ ਖੇਤਰ ਵਿੱਚ ਦੋ ਦਿਨਾਂ ਲਈ ਸਮਾਗਮ ਕਰਵਾਉਣ ਦੀ ਇਜਾਜ਼ਤ ਦਿੰਦੀ ਹੈ। ਤਿੰਨ ਦਿਨਾਂ ਤੋਂ ਵੱਧ ਸਮਾਗਮਾਂ ਲਈ ਰੱਖਿਆ ਮੰਤਰਾਲੇ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ, ‘‘ਇਸ ਸਮਾਗਮ ਨੂੰ ਦੋ ਦਿਨਾਂ ਲਈ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਸਟੇਜ ਲਗਪਗ ਇੱਕ ਮਹੀਨੇ ਤੋਂ ਲੱਗੀ ਹੋਈ ਹੈ। ਪ੍ਰਬੰਧਕਾਂ ਨੂੰ ਅਸਥਾਈ ਢਾਂਚੇ ਨੂੰ ਹਟਾਉਣ ਲਈ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਸਨੂੰ ਹਟਾਇਆ ਨਹੀਂ ਗਿਆ।’’