ਥਲ ਸੈਨਾ ਤੇ ਪੁਲੀਸ ਨੇ ਮੁੜ ਚਲਾਈ ਸਾਂਝੀ ਤਲਾਸ਼ੀ ਮੁਹਿੰਮ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਦੂਰ-ਦਰਾਜ ਦੇ ਜੰਗਲਾਤ ਖੇਤਰ ’ਚ ਬੀਤੇ ਦਿਨ ਅਤਿਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਜ਼ਖ਼ਮੀ ਥਲ ਸੈਨਾ ਜਵਾਨ ਅੱਜ ਤੜਕੇ ਸ਼ਹੀਦ ਹੋ ਗਿਆ। ਇਸੇ ਦੌਰਾਨ ਅੱਜ ਸੈਨਾ ਤੇ ਪੁਲੀਸ ਨੇ ਅਤਿਵਾਦੀਆਂ ਦੀ ਭਾਲ ਲਈ ਸਾਂਝੀ ਮੁਹਿੰਮ ਮੁੜ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਦੇਰ ਸ਼ਾਮ ਊਧਮਪੁਰ ਦੇ ਡੁਡੂ-ਬਸੰਤਗੜ੍ਹ ਖੇਤਰ ਅਤੇ ਡੋਡਾ ਦੇ ਭੱਦਰਵਾਹ ’ਚ ਸਿਓਜ ਧਾਰ ਜੰਗਲਾਤ ਸਰਹੱਦ ’ਤੇ ਸੈਨਾ ਤੇ ਜੰਮੂ ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨਲ ਗਰੁੱਪ (ਐੱਸ ਓ ਜੀ) ਦੀ ਸਾਂਝੀ ਟੀਮ ’ਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ’ਚ ਲਾਂਸ ਦਫਾਦਾਰ ਬਲਦੇਵ ਚੰਦ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਨੇੜਲੇ ਇਲਾਕੇ ਦੀ ਰਾਤ ਨੂੰ ਘੇਰਾਬੰਦੀ ਕੀਤੀ ਗਈ ਸੀ ਅਤੇ ਅੱਜ ਸਵੇਰੇ ਸਾਂਝੀ ਤਲਾਸ਼ੀ ਮੁਹਿੰਮ ਮੁੜ ਤੋਂ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੰਗਲਾਤ ਖੇਤਰ ’ਚ ਦੋ ਤੋਂ ਤਿੰਨ ਅਤਿਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਤੇ ਖੋਜੀ ਕੁੱਤਿਆਂ ਨਾਲ ਲੈਸ ਵਾਧੂ ਫੋਰਸ ਊਧਮਪੁਰ ਤੇ ਡੋਡਾ ਦੋਵੇਂ ਪਾਸੇ ਭੇਜੀ ਗਈ ਹੈ ਅਤੇ ਆਖਰੀ ਰਿਪੋਰਟ ਮਿਲਣ ਤੱਕ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਜਾਰੀ ਸੀ।