ਪੰਜਾਬ ’ਚ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ
ਪੰਜਾਬ ਵਿੱਚ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੁੰਦੀ ਹਥਿਆਰਾਂ ਦੀ ਤਸਕਰੀ ਵਿੱਚ ਪੰਜ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸਾਲ ਹੁਣ ਤੱਕ 362 ਹਥਿਆਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਏ ਕੇ-47 ਰਾਈਫਲਾਂ, ਗ੍ਰਨੇਡ ਅਤੇ ਆਈ ਈ ਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਵੀ ਸ਼ਾਮਿਲ ਹਨ। ਪਿਛਲੇ ਸਾਰੇ ਸਾਲ ਵਿੱਚ ਸਿਰਫ਼ 81 ਹਥਿਆਰ ਜ਼ਬਤ ਕੀਤੇ ਗਏ ਸਨ।
ਇੱਕ ਸੁਰੱਖਿਆ ਮਾਹਿਰ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਵਾਧੇ ਦਾ ਕਾਰਨ ਅਪਰੇਸ਼ਨ ਸਿੰਧੂਰ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਨੂੰ ਦੱਸਿਆ ਹੈ। ਮਾਹਿਰ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ ਐੱਸ ਆਈ ਨੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਿੱਚ ਹਥਿਆਰਾਂ ਦੀ ਤਸਕਰੀ ਤੇਜ਼ ਕਰ ਕੇ ਜਵਾਬੀ ਮੁਹਿੰਮ ਸ਼ੁਰੂ ਕੀਤੀ ਹੈ। ਲਗਪਗ ਇੱਕ ਤਿਹਾਈ ਬਰਾਮਦਗੀਆਂ ਅਪਰੇਸ਼ਨ ਸਿੰਧੂਰ ਤੋਂ ਬਾਅਦ ਹੋਈਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ 50 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਡਰੋਨਾਂ ਰਾਹੀਂ ਸੁੱਟੇ ਗਏ ਹਥਿਆਰਾਂ ਨੂੰ ਇਕੱਠਾ ਕਰਦੇ ਫੜੇ ਗਏ; ਕੁਝ ਉਹ ਵਿਅਕਤੀ ਸਨ ਜਿਨ੍ਹਾਂ ਨੂੰ ਅਤਿਵਾਦੀ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ। ਤਿੰਨ ਸਾਲਾਂ ਵਿੱਚ ਪਹਿਲੀ ਵਾਰ ਤਿੰਨ ਏ ਕੇ -47 ਰਾਈਫਲਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਕਿੰਨੇ ਅਤਿ-ਆਧੁਨਿਕ ਹਥਿਆਰ ਆ ਰਹੇ ਹਨ। ਇਸ ਤੋਂ ਪਹਿਲਾਂ ਅਜਿਹੀ ਆਖਰੀ ਬਰਾਮਦਗੀ ਅਕਤੂਬਰ 2022 ਵਿੱਚ ਹੋਈ ਸੀ, ਜਦੋਂ ਛੇ ਏ ਕੇ-47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ।
ਅਧਿਕਾਰੀ ਨੇ ਕਿਹਾ, “ਆਈ ਐੱਸ ਆਈ ਪੰਜਾਬ ਵਿੱਚ ਅਰਾਜਕਤਾ ਫੈਲਾਉਣ ਲਈ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਤਿਵਾਦੀਆਂ ਦੇ ਗੱਠਜੋੜ ਦੀ ਵਰਤੋਂ ਕਰ ਰਹੀ ਹੈ, ਜਿਸ ਵਿੱਚ ਬਰਾਮਦ ਕੀਤੇ ਗਏ ਹਥਿਆਰਾਂ ਦਾ ਸਬੰਧ ਜਬਰੀ ਵਸੂਲੀ, ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਅਤੇ ਗੈਂਗਾਂ ਦੀ ਆਪਸੀ ਦੁਸ਼ਮਣੀ ਵਰਗੇ ਹਿੰਸਕ ਅਪਰਾਧਾਂ ਨਾਲ ਹੈ।” ਅਧਿਕਾਰੀ ਨੇ ਕਿਹਾ ਕਿ ਇਹ ਰਣਨੀਤੀ ਕਾਨੂੰਨ ਵਿਵਸਥਾ ਨੂੰ ਵਿਗਾੜਨ ਅਤੇ ਖਾਲਿਸਤਾਨ ਦੀ ਵੱਖਵਾਦ ਵਾਲੀ ਵਿਚਾਰਧਾਰਾ ਲਈ ਢੁਕਵੇਂ ਹਾਲਾਤ ਪੈਦਾ ਕਰਨ ਦੇ ਆਈ ਐੱਸ ਆਈ ਦੇ ਵਿਆਪਕ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਕਿਹਾ, “ਹਿੰਸਕ ਅਪਰਾਧ ਵਧਣ ਨਾਲ ਇਹ ਡਰ ਵੀ ਪੈਦਾ ਹੋ ਰਿਹਾ ਹੈ ਕਿ ਇਹ ਹਥਿਆਰਬੰਦ ਗਰੋਹ ਭਵਿੱਖ ਦੇ ਅਤਿਵਾਦੀ ਹਮਲਿਆਂ ਦਾ ਸਬੱਬ ਬਣ ਸਕਦੇ ਹਨ।”ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਤਸਕਰੀ ਦੇ ਮਾਮਲਿਆਂ ਦੀ ਗਿਣਤੀ 2021 ਤੋਂ ਲੈ ਕੇ 2024 ਤੱਕ ਦੇ ਕੁੱਲ ਕੇਸਾਂ ਨਾਲੋਂ ਵੀ ਵਧ ਗਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 9 ਐੱਮ ਐੱਮ ਗਲੌਕਸ, ਪੀ ਐਕਸ5 ਪਿਸਤੌਲ, .30 ਬੋਰ, .32 ਬੋਰ ਅਤੇ .315 ਕੈਲੀਬਰ ਹਥਿਆਰਾਂ ਵਰਗੇ ਅਤਿ-ਆਧੁਨਿਕ ਮਾਡਲ ਸ਼ਾਮਲ ਹਨ। ਇਨ੍ਹਾਂ ਨਾਲ ਅਕਸਰ ਮੈਗਜ਼ੀਨਾਂ ਅਤੇ ਕਾਰਤੂਸ ਵੀ ਹੁੰਦੇ ਹਨ। 2022 ਤੋਂ ਗਲੌਕਸ ਅਤੇ ਪੀ ਐਕਸ5 ਕਿਸਮਾਂ ਜੋ ਸਿੱਧੇ ਪਾਕਿਸਤਾਨ ਤੋਂ ਆਉਂਦੀਆਂ ਹਨ, ਵੱਡੀ ਗਿਣਤੀ ਵਿੱਚ ਫੜੀਆਂ ਗਈਆਂ ਹਨ। ਹਥਿਆਰਾਂ ਦੀ ਤਸਕਰੀ ਉੱਚ ਪ੍ਰਭਾਵ ਵਾਲੀਆਂ ਅਤਿਵਾਦੀ ਅਤੇ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ।
ਤਸਕਰੀ ਦੇ ਤਰੀਕਿਆਂ ਵਿੱਚ ਤਬਦੀਲੀ ਆਈ
ਤਸਕਰੀ ਦੇ ਤਰੀਕਿਆਂ ਵਿੱਚ ਵੀ ਮਹੱਤਵਪੂਰਨ ਤਬਦੀਲੀ ਆਈ ਹੈ। ਹਾਲ ਦੇ ਸਾਲਾਂ ਵਿੱਚ ਰਵਾਇਤੀ ਢੰਗ-ਤਰੀਕੇ ਛੱਡ ਕੇ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕਰਨ ਦਾ ਰੁਝਾਨ ਵਧਿਆ ਹੈ। ਇਹ ਰੁਝਾਨ 2019 ਵਿੱਚ ਪਹਿਲੇ ਡਰੋਨ ਤਸਕਰੀ ਕੇਸ ਨਾਲ ਸ਼ੁਰੂ ਹੋਇਆ ਸੀ। ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਤਕਨੀਕੀ ਅਤੇ ਮੌਸਮੀ ਕਾਰਨਾਂ ਕਰ ਕੇ ਤਸਕਰੀ ਰੋਕਣਾ ਵਧੇਰੇ ਚੁਣੌਤੀਪੂਰਨ ਬਣ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰਾਂ ਦੇ ਗਰੋਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਬਟਾਲਾ ਵਿੱਚ ਬਹੁਤ ਜ਼ਿਆਦਾ ਕੇਂਦਰਿਤ ਹਨ। ਇਨ੍ਹਾਂ ਜ਼ਿਲ੍ਹਿਆਂ ’ਚੋਂ 2022 ਤੋਂ ਬਹੁਗਿਣਤੀ ਛੋਟੇ ਹਥਿਆਰ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਖੇਤਰ ਜੋ ਅਕਸਰ ਆਈ ਐੱਸ ਆਈ ਵੱਲੋਂ ਨਿਰਦੇਸ਼ਿਤ ਮੌਡਿਊਲਾਂ ਨਾਲ ਜੁੜੇ ਹੁੰਦੇ ਹਨ, ਨਾਜਾਇਜ਼ ਹਥਿਆਰਾਂ ਦੇ ਵਪਾਰ ਲਈ ਨਾਜ਼ੁਕ ਦਾਖ਼ਲਾ ਪੁਆਇੰਟਾਂ ਵਜੋਂ ਕੰਮ ਕਰਦੇ ਹਨ।
ਡੀ ਜੀ ਪੀ ਵੱਲੋਂ ਹਾਲਾਤ ਗੰਭੀਰ ਕਰਾਰ
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਹਾਲਾਤ ਦੀ ਗੰਭੀਰਤਾ ਦਾ ਜ਼ਿਕਰ ਕਰਦਿਆਂ ਕਿਹਾ, “ਅਸੀਂ ਅਤਿ-ਆਧੁਨਿਕ ਹਥਿਆਰਾਂ ਦੀ ਤਸਕਰੀ ਰੋਕਣ ਅਤੇ ਸਰਹੱਦ ਪਾਰੋਂ ਬਣਾਈਆਂ ਗਈਆਂ ਕਈ ਅਤਿਵਾਦੀ ਯੋਜਨਾਵਾਂ ਨੂੰ ਨਾਕਾਮ ਕਰਨ ਵਿੱਚ ਸਫ਼ਲ ਹੋਏ ਹਾਂ।” ਉਨ੍ਹਾਂ ਕਿਹਾ ਕਿ ਇਹ ਬਰਾਮਦਗੀਆਂ ਪੰਜਾਬ ਪੁਲੀਸ, ਇਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ (ਜਿਸ ਵਿੱਚ ਸਪੈਸ਼ਲ ਸਰਵਿਸਿਜ਼ ਅਪਰੇਸ਼ਨ ਸੈੱਲ ਸ਼ਾਮਲ ਹੈ), ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਕਾਰਨ ਸੰਭਵ ਹੋਈਆਂ ਹਨ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਕੰਮ ਕਰ ਰਹੇ ਗੈਂਗਸਟਰ ਅਤੇ ਅਤਿਵਾਦੀ ਨਾ ਸਿਰਫ਼ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੀਆਂ ਅਤਿਵਾਦੀ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਹਥਿਆਰ ਮੁਹੱਈਆ ਕਰ ਰਹੇ ਹਨ, ਬਲਕਿ ਸੰਗਠਿਤ ਅਪਰਾਧ ਨੂੰ ਵੀ ਹਵਾ ਦੇ ਰਹੇ ਹਨ।