ਰਾਜਸਥਾਨ ਦੇ ਕੋਟਾ-ਬੂੰਦੀ ਵਿੱਚ ਨਵੇਂ ਹਵਾਈ ਅੱਡੇ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਰਾਜਸਥਾਨ ਦੇ ਕੋਟਾ-ਬੂੰਦੀ ਵਿੱਚ 1507 ਕਰੋੜ ਰੁਪਏ ਨਾਲ ਨਵੇਂ ਹਵਾਈ ਅੱਡੇ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਉੜੀਸਾ ਵਿੱਚ 8307.74 ਕਰੋੜ ਰੁਪਏ ਦੀ ਲਾਗਤ ਨਾਲ ਛੇ-ਮਾਰਗੀ ਕੈਪੀਟਲ ਰਿਜਨ ਰਿੰਗ ਰੋਡ (ਭੁਬਨੇਸ਼ਵਰ ਬਾਈਪਾਸ) ਪ੍ਰਾਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ। ਇਹ ਜਾਣਕਾਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ (ਸੀਸੀਈਏ) ਨੇ ਕੋਟਾ-ਬੂੰਦੀ ਵਿੱਚ 1507 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇਕ ਨਵਾਂ ਹਵਾਈ ਅੱਡਾ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਵੈਸ਼ਨਵ ਨੇ ਕਿਹਾ ਕਿ ਭਾਰਤੀ ਹਵਾਈ ਅੱਡਾ ਅਥਾਰਿਟੀ ਇਸ ਪ੍ਰਾਜੈਕਟ ਲਈ ਫੰਡ ਦਾ ਪ੍ਰਬੰਧ ਅੰਦਰੂਨੀ ਸਰੋਤਾਂ ਨਾਲ ਕਰੇਗੀ। ਕੇਂਦਰੀ ਮੰਤਰੀ ਮੰਡਲ ਨੇ ਉੜੀਸਾ ਵਿੱਚ 8307.74 ਕਰੋੜ ਰੁਪਏ ਦੀ ਲਾਗਤ ਨਾਲ ਛੇ-ਮਾਰਗੀ ਕੈਪੀਟਲ ਰਿਜਨ ਰਿੰਗ ਰੋਡ ਪ੍ਰਾਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਾਜੈਕਟ ਦਾ ਵਿਕਾਸ ਹਾਈਬ੍ਰਿਡ ਐਨਿਊਟੀ ਮਾਡਲ ’ਤੇ ਕੀਤਾ ਜਾਵੇਗਾ।
ਆਨਲਾਈਨ ਗੇਮਿੰਗ ਪਲੈਟਫਾਰਮਾਂ ਨੂੰ ਰੈਗੂਲੇਟ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ ਆਨਲਾਈਨ ਰੀਅਲ ਮਨੀ ਗੇਮਿੰਗ ਪਲੈਟਫਾਰਮਾਂ ਨੂੰ ਰੈਗੂਲੇਟ ਕਰਨ ਵਾਲੇ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰ ਨੇ ਦੱਸਿਆ ਕਿ ਇਸ ਬਿੱਲ ਨੂੰ ਬੁੱਧਵਾਰ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰ ਨੇ ਕਿਹਾ, ‘‘ਮੰਤਰੀ ਮੰਡਲ ਨੇ ਆਨਲਾਈਨ ਰੀਅਲ ਮਨੀ ਗੇਮਿੰਗ ਪਲੈਟਫਾਰਮਾਂ ਨੂੰ ਰੈਗੂਲੇਟ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਬੁੱਧਵਾਰ ਨੂੰ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਹੈ।’’ -ਪੀਟੀਆਈ