ਯੂ ਐੱਨ ਮੁਖੀ ਨੂੰ ਭਾਰਤ-ਪਾਕਿ ਸਬੰਧ ਸੁਧਾਰਨ ’ਚ ਮਦਦ ਦੀ ਅਪੀਲ
ਲਾਹੌਰ ਦੀ ਗੈਰ-ਲਾਭਕਾਰੀ ਸੰਸਥਾ ਨੇ ਅੱਜ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੂੰ ਪੱਤਰ ਲਿਖ ਕੇ ਭਾਰਤ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਵਿੱਚ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਦੋਵਾਂ ਮੁਲਕਾਂ ਦੇ ਲੋਕਾਂ ਦਰਮਿਆਨ ਰਾਬਤਾ ਬਣਿਆ ਰਹੇ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੁਖੀ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਪੱਤਰ ਵਿੱਚ ਲਿਖਿਆ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਖ਼ਰਾਬ ਰਿਸ਼ਤਿਆਂ ਕਾਰਨ ਦੋਵਾਂ ਦੇਸ਼ਾਂ ਦੇ ਲੱਖਾਂ ਆਮ ਨਾਗਰਿਕ ਲੰਮੇ ਸਮੇਂ ਤੋਂ ਵੀਜ਼ਾ ਪਾਬੰਦੀਆਂ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਪੱਤਰ ਵਿੱਚ ਲਿਖਿਆ ਹੈ, ‘‘ਸਿਆਸੀ ਮਤਭੇਦਾਂ ਦੇ ਬਾਵਜੂਦ ਪਾਕਿਸਤਾਨ ਅਤੇ ਭਾਰਤ ਦੇ ਲੋਕ ਇਤਿਹਾਸਕ, ਸਭਿਆਚਾਰਕ, ਪਰਿਵਾਰਕ ਅਤੇ ਭਾਵੁਕ ਤੌਰ ’ਤੇ ਜੁੜੇ ਹੋਏ ਹਨ। ਬਦਕਿਸਮਤੀ ਨਾਲ ਵੀਜ਼ਾ ਪਾਬੰਦੀਆਂ, ਖ਼ਾਸ ਕਰ ਪਰਿਵਾਰ ਨੂੰ ਮੁੜ ਮਿਲਾਉਣ, ਧਾਰਮਿਕ ਯਾਤਰਾ, ਮੈਡੀਕਲ ਐਮਰਜੈਂਸੀ, ਸਭਿਆਚਾਰਕ ਆਦਾਨ-ਪ੍ਰਦਾਨ ਅਤੇ ਲੋਕਾਂ ਦਾ ਆਪਸੀ ਸੰਪਰਕ ਲਈ, ਨੇ ਦੂਰ ਹੋਏ ਪਰਿਵਾਰਾਂ ਅਤੇ ਆਮ ਲੋਕਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ।’’
