ਉੜੀਸਾ ਵਿੱਚ ਜਬਰ-ਜਨਾਹ ਦੀ ਇੱਕ ਹੋਰ ਮੰਦਭਾਗੀ ਘਟਨਾ; 2 ਨਬਾਲਗ ਬੱਚੀਆਂ ਨਾਲ ਸਮੂਹਿਕ ਬਲਾਤਕਾਰ !
ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਦੋ ਨਬਾਲਗ ਬੱਚੀਆਂ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਦੋਸਤਾਂ ਨਾਲ ਘਰ ਪਰਤ ਰਹੀਆਂ ਸਨ। ਉਦੋਂ ਪੰਜ ਵਿਅਕਤੀਆਂ ਨੇ ਉਨ੍ਹਾਂ ਨਾਲ ਸਮੂਹਿਕ ਜਬਰ-ਜਨਾਹ ਕੀਤਾ।
ਪੁਲੀਸ ਨੇ ਦੱਸਿਆ ਕਿ ਘਟਨਾ ਦਾ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ ਦੇ ਮਾਪਿਆਂ ਵੱਲੋਂ ਰਸਗੋਵਿੰਦਪੁਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਦਰਅਸਲ ਇਹ 13 ਅਤੇ 14 ਸਾਲ ਦੀਆਂ ਬੱਚੀਆਂ ਆਪਣੇ ਦੋ ਦੋਸਤਾਂ ਨਾਲ ਨੇੜਲੇ ਪਿੰਡ ਥੀਏਟਰ ਵਿੱਚ ਜਾਤਰਾ ਦੇਖਣ ਲਈ ਗਈਆਂ ਸਨ ਕਿ ਘਰ ਆਉਂਦੇ ਸਮੇਂ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕਿਆ ਅਤੇ ਉਨ੍ਹਾਂ ਦੇ ਦੋਸਤਾਂ ’ਤੇ ਹਮਲਾ ਕਰਨ ਤੋਂ ਬਾਅਦ ਬੱਚੀਆਂ ਨੂੰ ਚੁੱਕ ਕੇ ਲੈ ਗਏ।
ਪੁਲੀਸ ਨੇ ਕਿਹਾ ਕਿ ਇਹ ਦੋਵੇਂ ਕੁੜੀਆਂ 8ਵੀਂ ਅਤੇ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ, ਜਿਨ੍ਹਾਂ ਨਾਲ ਪੰਜ ਆਦਮੀਆਂ ਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦੋਂ ਕਿ ਦੋ ਹੋਰਾਂ ਦੀ ਭਾਲ ਜਾਰੀ ਹੈ। BNS ਅਤੇ POCSO ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਉੱਧਰ BJD ਨੇ ਦਾਅਵਾ ਕੀਤਾ ਕਿ ਪਿਛਲੇ 16 ਮਹੀਨਿਆਂ ਵਿੱਚ, ਉੜੀਸਾ ਵਿੱਚ 5,000 ਤੋਂ ਵੱਧ ਔਰਤਾਂ ਨਾਲ ਜਬਰ-ਜਨਾਹ ਕੀਤਾ ਗਿਆ ਹੈ।
ਬੀਜੇਡੀ ਦੇ ਬੁਲਾਰੇ ਲੈਨਿਨ ਮੋਹੰਤੀ ਨੇ ਕਿਹਾ, “ ਇਹ ਭਿਆਨਕ ਅੰਕੜਾ ਸੂਬੇ ਵਿੱਚ ਮੌਜੂਦਾ ਭਾਜਪਾ ਸਰਕਾਰ ਅਧੀਨ ਔਰਤਾਂ ਦੀ ਵਿਗੜਦੀ ਸਥਿਤੀ ਨੂੰ ਦਰਸਾਉਂਦਾ ਹੈ।”
