ਚੋਟੀ ਦਾ ਨਕਸਲੀ ਕਮਾਂਡਰ ਮਾਡਵੀ ਹਿਡਮਾ ਪੁਲੀਸ ਮੁਕਾਬਲੇ ’ਚ ਹਲਾਕ
ਚੋਟੀ ਦਾ ਨਕਸਲੀ ਕਮਾਂਡਰ ਮਾਡਵੀ ਹਿਡਮਾ, ਜਿਸ ਨੇ ਪਿਛਲੇ ਦੋ ਦਹਾਕਿਆਂ ਵਿੱਚ ਕਈ ਹਮਲਿਆਂ ਦੀ ਸਾਜ਼ਿਸ਼ ਰਚੀ ਸੀ, ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਛੱਤੀਸਗੜ੍ਹ ਪੁਲੀਸ ਨੇ ਇਸ ਨੂੰ ਗੁਰੀਲਾ ਲਹਿਰ ਦੇ "ਕਫ਼ਨ ਵਿੱਚ ਆਖਰੀ ਕਿੱਲ" ਕਰਾਰ ਦਿੱਤਾ ਹੈ।
ਬਸਤਰ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਗੁਆਂਢੀ ਰਾਜ ਦੇ ਅੱਲੂਰੀ ਸੀਤਾਰਾਮਾਰਾਜੂ ਜ਼ਿਲ੍ਹੇ ਦੇ ਮਾਰੇਡੁਮਿਲੀ ਜੰਗਲ ਵਿੱਚ ਹਿਡਮਾ, ਉਸਦੀ ਪਤਨੀ ਰਾਜੇ, ਅਤੇ ਚਾਰ ਹੋਰ ਨਕਸਲੀਆਂ ਨੂੰ ਢੇਰ ਕੀਤਾ ਹੈ।
ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਰਾਏਪੁਰ ਵਿੱਚ ਪੱਤਰਕਾਰਾਂ ਨੂੰ ਦੱਸਿਆ, "ਸਾਨੂੰ ਜਾਣਕਾਰੀ ਮਿਲੀ ਹੈ ਕਿ ਮਾਓਵਾਦੀ ਆਗੂ ਹਿਡਮਾ ਆਂਧਰਾ ਪ੍ਰਦੇਸ਼-ਛੱਤੀਸਗੜ੍ਹ ਸਰਹੱਦ 'ਤੇ ਮਾਰੇ ਗਏ ਕਾਡਰਾਂ ਵਿੱਚ ਸ਼ਾਮਲ ਹੈ। ਇਹ ਇੱਕ ਬਹੁਤ ਮਹੱਤਵਪੂਰਨ ਕਾਰਵਾਈ ਹੈ।"
ਸੁਕਮਾ ਜ਼ਿਲ੍ਹੇ ਦੇ ਪੁਵਰਤੀ ਪਿੰਡ ਦਾ ਮੂਲ ਵਸਨੀਕ ਹਿਡਮਾ ਦੀ ਉਮਰ ਅਤੇ ਦਿੱਖ ਰਹੱਸਮਈ ਬਣੀ ਹੋਈ ਸੀ ਜਦੋਂ ਤੱਕ ਇਸ ਸਾਲ ਦੇ ਸ਼ੁਰੂ ਵਿੱਚ ਉਸ ਦੀ ਤਸਵੀਰ ਸਾਹਮਣੇ ਨਹੀਂ ਆਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੱਕ ਮਾਓਵਾਦੀਆਂ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (PLGA) ਬਟਾਲੀਅਨ ਨੰਬਰ 1 ਦਾ ਮੁਖੀ ਰਿਹਾ। ਉਸ ਨੂੰ ਪਿਛਲੇ ਸਾਲ ਮਾਓਵਾਦੀਆਂ ਦੀ ਕੇਂਦਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਹਿਡਮਾ 2010 ਵਿੱਚ ਤਾੜਮੇਟਲਾ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਆਇਆ, ਜਿਸ ਵਿੱਚ 76 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਉਸ ਸਮੇਂ ਉਸ ਨੇ ਹਮਲੇ ਨੂੰ ਅੰਜਾਮ ਦੇਣ ਵਿੱਚ ਇੱਕ ਹੋਰ ਚੋਟੀ ਦੇ ਮਾਓਵਾਦੀ ਕਮਾਂਡਰ ਪਾਪਾ ਰਾਓ ਦੀ ਸਹਾਇਤਾ ਕੀਤੀ ਸੀ।
ਆਂਧਰਾ ਪ੍ਰਦੇਸ਼ ਵਿੱਚ ਹੋਏ ਇਸ ਮੁਕਾਬਲੇ ਨਾਲ ਮਾਓਵਾਦੀਆਂ ਦੇ ਨੌਂ ਕੇਂਦਰੀ ਕਮੇਟੀ ਮੈਂਬਰਾਂ ਨੂੰ ਛੱਤੀਸਗੜ੍ਹ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਸੁਰੱਖਿਆ ਬਲਾਂ ਦੁਆਰਾ ਖ਼ਤਮ ਕਰ ਦਿੱਤਾ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਛੱਤੀਸਗੜ੍ਹ ਵਿੱਚ ਮਾਰੇ ਗਏ ਚੋਟੀ ਦੇ ਕਾਡਰਾਂ ਵਿੱਚ ਪਾਬੰਦੀਸ਼ੁਦਾ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਦੇ ਜਨਰਲ ਸਕੱਤਰ ਅਤੇ ਚੋਟੀ ਦੇ ਆਪਰੇਟਿਵ ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਰਾਜੂ (70) ਅਤੇ ਪੰਜ ਕੇਂਦਰੀ ਕਮੇਟੀ ਮੈਂਬਰ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਇਸ ਸਾਲ ਝਾਰਖੰਡ ਵਿੱਚ ਦੋ ਕੇਂਦਰੀ ਕਮੇਟੀ ਮੈਂਬਰ ਮਾਰੇ ਗਏ, ਜਦੋਂ ਕਿ ਆਂਧਰਾ ਪ੍ਰਦੇਸ਼ ਵਿੱਚ ਵੀ ਇੰਨੇ ਹੀ ਮਾਰੇ ਗਏ।
