Bus Accident: ਆਂਧਰਾ ਪ੍ਰਦੇਸ਼: ਬੰਗਲੁਰੂ ਜਾ ਰਹੀ ਪ੍ਰਾਈਵੇਟ ਬੱਸ ਨੂੰ ਅੱਗ ਲੱਗਣ ਕਾਰਨ 20 ਮੌਤਾਂ
ਹੈਦਰਾਬਾਦ ਤੋਂ ਬੰਗਲੁਰੂ ਜਾ ਰਹੀ ਇੱਕ ਪ੍ਰਾਈਵੇਟ ਬੱਸ ਦੀ ਸ਼ੁੱਕਰਵਾਰ ਨੂੰ ਦੋ-ਪਹੀਆ ਵਾਹਨ ਨਾਲ ਟੱਕਰ ਹੋਣ ਮਗਰੋਂ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਬੁਰੀ ਤਰ੍ਹਾਂ ਝੁਲਸ ਚੁੱਕੇ ਹਨ ਅਤੇ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੈ।
ਮਰਨ ਵਾਲਿਆਂ ਵਿੱਚ ਦੋ-ਪਹੀਆ ਵਾਹਨ ਦਾ ਚਾਲਕ ਵੀ ਸ਼ਾਮਲ ਹੈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਅਤੇ ਉਨ੍ਹਾਂ ਦੇ ਤੇਲੰਗਾਨਾ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ।
ਹਾਦਸੇ ਉਪਰੰਤ ਕੁਝ ਲਾਸ਼ਾਂ ਦੀ ਹਾਲਤ ਇੰਨੀ ਖਰਾਬ ਸੀ ਕਿ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਡੀਐੱਨਏ ਨਮੂਨੇ ਇਕੱਠੇ ਕਰਨ ਲਈ ਫੋਰੈਂਸਿਕ ਟੀਮਾਂ ਨੂੰ ਬੁਲਾਇਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਯਾਤਰੀ ਇਸ ਦੁਖਾਂਤ ਤੋਂ ਬਚ ਨਹੀਂ ਸਕੇ ਕਿਉਂਕਿ ਇਹ ਹਾਦਸਾ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਸੁੱਤੇ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਐਕਸ-ਗ੍ਰੇਸ਼ੀਆ ਦਾ ਵੀ ਐਲਾਨ ਕੀਤਾ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਕੁਰਨੂਲ ਦੇ ਚਿੰਨ੍ਹਟੇਕੁਰ ਨੇੜੇ ਮੋਟਰਸਾਈਕਲ ਬੱਸ ਨਾਲ ਟਕਰਾ ਗਿਆ ਅਤੇ ਇਸ ਦੇ ਹੇਠਾਂ ਘਸੀਟਿਆ ਗਿਆ। ਮੋਟਰਸਾਈਕਲ ਦਾ ਤੇਲ ਕੈਪ (fuel cap) ਖੁੱਲ੍ਹਾ ਹੋਣ ਕਾਰਨ ਅੱਗ ਲੱਗਣ ਦੀ ਘਟਨਾ ਵਾਪਰ ਗਈ।
ਕੁਰਨੂਲ ਰੇਂਜ ਦੇ ਡੀ ਆਈ ਜੀ ਕੋਇਆ ਪ੍ਰਵੀਨ ਨੇ ਦੱਸਿਆ, ‘‘ਹੁਣ ਤੱਕ, ਸੜੀ ਹੋਈ ਬੱਸ ਵਿੱਚੋਂ 19 ਲਾਸ਼ਾਂ ਕੱਢੀਆਂ ਗਈਆਂ ਹਨ। ਦੋ-ਪਹੀਆ ਵਾਹਨ ਚਾਲਕ ਦੀ ਲਾਸ਼ ਮੁਰਦਾਘਰ ਵਿੱਚ ਰੱਖੀ ਗਈ ਹੈ।’’
ਪੁਲੀਸ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਅਤੇ ਵਾਹਨ ਕੁਝ ਹੀ ਮਿੰਟਾਂ ਵਿੱਚ ਪੂਰੀ ਤਰ੍ਹਾਂ ਸੜ ਗਿਆ। ਬਚੇ ਹੋਏ ਜ਼ਿਆਦਾਤਰ ਯਾਤਰੀਆਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਸੀ।
ਜ਼ਿਲ੍ਹਾ ਕੁਲੈਕਟਰ ਏ. ਸਿਰੀ ਨੇ ਦੱਸਿਆ ਕਿ ਡਰਾਈਵਰ ਸਮੇਤ 41 ਲੋਕ ਬੱਸ ਵਿੱਚ ਸਫ਼ਰ ਕਰ ਰਹੇ ਸਨ। 41 ਸਵਾਰ ਯਾਤਰੀਆਂ ਵਿੱਚੋਂ 21 ਦਾ ਪਤਾ ਲੱਗ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਚੇ ਲੋਕਾਂ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਰਾਹਤ ਫੰਡ (PMNRF) ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ।
