ਅਮਿਤ ਸ਼ਾਹ ਦੀ ਨਕਸਲੀਆਂ ਨੂੰ ਫਿਰ ਚਿਤਾਵਨੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਦੋ ਸਭ ਤੋਂ ਵੱਧ ਪ੍ਰਭਾਵਿਤ ਰਹੇ ਖੇਤਰਾਂ ਨੂੰ ਨਕਸਲ ਮੁਕਤ ਐਲਾਨਦਿਆਂ ਸਪੱਸ਼ਟ ਕੀਤਾ ਕਿ ਜਿਹੜੇ ਲੋਕ ਆਤਮ-ਸਮਰਪਣ ਕਰਨ ਨੂੰ ਤਿਆਰ ਹਨ, ਉਨ੍ਹਾਂ ਦਾ ਸਵਾਗਤ ਹੈ, ਪਰ ਜਿਹੜੇ ਲੋਕ ਹਥਿਆਰ ਉਠਾਉਣਗੇ, ਉਨ੍ਹਾਂ ਨੂੰ ਸੁਰੱਖਿਆ ਬਲਾਂ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਸ਼ਾਹ ਨੇ ਇਹ ਐਲਾਨ ਵੀ ਕੀਤਾ ਕਿ ਛੱਤੀਸਗੜ੍ਹ ’ਚ ਅੱਜ 170 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ; ਬੁੱਧਵਾਰ ਨੂੰ 27 ਹੋਰਾਂ ਨੇ ਹਥਿਆਰ ਸੁੱਟੇ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਵੀ 61 ਨਕਸਲੀਆਂ ਨੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ‘ਐਕਸ’ ਉੱਤੇ ਕਿਹਾ, ‘‘ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਿਸੇ ਸਮੇਂ ਨਕਸਲੀਆਂ ਦਾ ਗੜ੍ਹ ਰਹੇ ਛੱਤੀਸਗੜ੍ਹ ਦੇ ਅਬੂਝਮਾੜ ਤੇ ਉੱਤਰ ਬਸਤਰ ਨੂੰ ਅੱਜ ਨਕਸਲੀ ਹਿੰਸਾ ਤੋਂ ਪੂਰੀ ਤਰ੍ਹਾਂ ਮੁਕਤ ਐਲਾਨਿਆ ਗਿਆ ਹੈ। ਹੁਣ ਥੋੜੇ ਜਿਹੇ ਨਕਸਲੀ ਸਿਰਫ਼ ਦੱਖਣੀ ਬਸਤਰ ਵਿੱਚ ਬਚੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਸੁਰੱਖਿਆ ਬਲ ਜਲਦੀ ਹੀ ਖ਼ਤਮ ਕਰ ਦੇਣਗੇ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਸਪੱਸ਼ਟ ਹੈ ਜਿਹੜੇ ਲੋਕ ਆਤਮ-ਸਮਰਪਣ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸਵਾਗਤ ਹੈ। ਉਪਰੰਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਹਾਰ ਦੇ ਤਿੰਨ ਦਿਨਾ ਦੌਰੇ ’ਤੇ ਅੱਜ ਪਟਨਾ ਪੁੱਜੇ। ਇਸ ਦੌਰੇ ਦੌਰਾਨ ਉਹ ਭਾਜਪਾ ਸੰਗਠਨ ਬਾਰੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਐੱਨ ਡੀ ਏ ਗੱਠਜੋੜ ਵਿਚਲੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ। ਸ਼ਾਹ ਕੁਝ ਜਨਤਕ ਮੀਟਿੰਗਾਂ ਨੂੰ ਵੀ ਸੰਬੋਧਨ ਕਰਨਗੇ।
ਭਗੌੜਿਆਂ ਲਈ ਵਿਸ਼ੇਸ਼ ਜੇਲ੍ਹਾਂ ਬਣਾਈਆਂ ਜਾਣ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹਰੇਕ ਸੂਬੇ ਵਿੱਚ ਭਗੌੜਿਆਂ ਲਈ ਕੌਮਾਂਤਰੀ ਮਾਨਕਾਂ ਮੁਤਾਬਕ ਵਿਸ਼ੇਸ਼ ਜੇਲ੍ਹ ਬਣਾਉਣ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਇੰਟਰਪੋਲ ਦੇ ‘ਰੈੱਡ ਨੋਟਿਸ’ ਦਾ ਸਾਹਮਣਾ ਕਰ ਰਹੇ ਭਗੌੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣ ਤਾਂ ਜੋ ਹਵਾਲਗੀ ਤੋਂ ਬਾਅਦ ਉਨ੍ਹਾਂ ਦੇ ਦੁਰਵਿਹਾਰ ਦੇ ਦਾਅਵਿਆਂ ਨੂੰ ਕਮਜ਼ੋਰ ਕੀਤਾ ਜਾ ਸਕੇ ਅਤੇ ਸਰਹੱਦ ਪਾਰ ਉਨ੍ਹਾਂ ਦੀ ਬਿਨਾਂ ਕਿਸੇ ਅੜਿੱਕੇ ਤੋਂ ਆਵਾਜਾਈ ਨੂੰ ਰੋਕਿਆ ਜਾ ਸਕੇ। ਸੀਬੀਆਈ ਵੱਲੋਂ ਕਰਵਾਏ ਗਏ ‘ਭਗੌੜਿਆਂ ਦੀ ਹਵਾਲਗੀ -ਚੁਣੌਤੀਆਂ ਤੇ ਰਣਨੀਤੀਆਂ’ ਵਿਸ਼ੇ ’ਤੇ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਕਿਹਾ, ‘‘ਜਦੋਂ ਤੱਕ ਅਸੀਂ ਵਿਦੇਸ਼ਾਂ ਤੋਂ ਭਾਰਤੀ ਅਰਥਚਾਰੇ, ਸਾਡੀ ਪ੍ਰਭੂਸੱਤਾ ਤੇ ਸਾਡੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੇ ਭਗੌੜਿਆਂ ਦੇ ਦਿਲਾਂ ਵਿੱਚ ਭਾਰਤੀ ਨਿਆਂ ਪ੍ਰਬੰਧ ਪ੍ਰਤੀ ਡਰ ਪੈਦਾ ਨਹੀਂ ਕਰਦੇ, ਉਦੋਂ ਤੱਕ ਅਸੀਂ ਦੇਸ਼ੀ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੇ।’’