ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਅਮਿਤ ਸ਼ਾਹ ਦਾ ਹੱਥ

ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਵੱਲੋਂ ਕੌਮੀ ਸੁਰੱਖਿਆ ਕਮੇਟੀ ’ਚ ਖ਼ੁਲਾਸਾ
ਅਮਿਤ ਸ਼ਾਹ
Advertisement

* ‘ਵਾਸ਼ਿੰਗਟਨ ਪੋਸਟ’ ਨੂੰ ਭਾਰਤ ਖ਼ਿਲਾਫ਼ ਖੁਫੀਆ ਜਾਣਕਾਰੀ ਲੀਕ ਕਰਨ ਦੀ ਕੀਤੀ ਪੁਸ਼ਟੀ

* ਕੈਨੇਡਾ ’ਚ ਭਾਰਤੀ ਅਤੇ ਕੈਨੇਡਿਆਈ ਨਾਗਰਿਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ: ਡਰੋਈਨ

Advertisement

ਓਟਵਾ, 30 ਅਕਤੂਬਰ

ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਉਪ ਮੰਤਰੀ ਡੇਵਿਡ ਮੌਰੀਸਨ ਨੇ ਦੋਸ਼ ਲਾਇਆ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡਾ ’ਚ ਰਹਿ ਰਹੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਕਰਨ, ਧਮਕੀਆਂ ਦੇਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਮੌਰੀਸਨ ਨੇ ਕੌਮੀ ਸੁਰੱਖਿਆ ਕਮੇਟੀ ਦੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ‘ਵਾਸ਼ਿੰਗਟਨ ਪੋਸਟ’ ਕੋਲ ਸ਼ਾਹ ਦੇ ਨਾਮ ਦੀ ਪੁਸ਼ਟੀ ਕੀਤੀ ਹੈ ਜਿਸ ਨੇ ਸਭ ਤੋਂ ਪਹਿਲਾਂ ਇਨ੍ਹਾਂ ਦੋਸ਼ਾਂ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਸ਼ਾਹ ਦਾ ਜ਼ਿਕਰ ਕਰਦਿਆਂ ਮੌਰੀਸਨ ਨੇ ਕਮੇਟੀ ਨੂੰ ਦੱਸਿਆ, ‘‘ਪੱਤਰਕਾਰ ਨੇ ਮੈਨੂੰ ਫੋਨ ਕਰਕੇ ਪੁੱਛਿਆ ਕਿ ਕੀ ਇਹ ਉਹੋ ਵਿਅਕਤੀ ਹੈ। ਮੈਂ ਪੁਸ਼ਟੀ ਕੀਤੀ ਕਿ ਇਹ ਉਹੋ ਵਿਅਕਤੀ ਹੈ।’’ ਮੌਰੀਸਨ ਨੇ ਅਮਰੀਕੀ ਅਖ਼ਬਾਰ ਕੋਲ ਭਾਰਤ ਦੇ ਕੈਨੇਡਾ ’ਚ ਦਖ਼ਲ ਦੇ ਵੇਰਵੇ ਲੀਕ ਕਰਨ ਦੀ ਗੱਲ ਕਬੂਲੀ ਹੈ। ਉਂਜ ਮੌਰੀਸਨ ਨੇ ਇਹ ਨਹੀਂ ਦੱਸਿਆ ਕਿ ਕੈਨੇਡਾ ਨੂੰ ਸ਼ਾਹ ਦੀ ਕਥਿਤ ਸ਼ਮੂਲੀਅਤ ਬਾਰੇ ਕਿਵੇਂ ਪਤਾ ਲੱਗਾ। ਓਟਵਾ ’ਚ ਭਾਰਤੀ ਸਫ਼ਾਰਤਖਾਨੇ ਨੇ ਸ਼ਾਹ ਖ਼ਿਲਾਫ਼ ਲਾਏ ਗਏ ਦੋਸ਼ਾਂ ਬਾਰੇ ਪ੍ਰਤੀਕਰਮ ਲਈ ਭੇਜੇ ਗਏ ਸੁਨੇਹਿਆਂ ਦਾ ਫੌਰੀ ਕੋਈ ਜਵਾਬ ਨਹੀਂ ਦਿੱਤਾ।

ਡੇਵਿਡ ਮੌਰੀਸਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੌਮੀ ਸੁਰੱਖਿਆ ਸਲਾਹਕਾਰ ਨਥਾਲੀ ਡਰੋਈਨ ਨੇ ਮੰਗਲਵਾਰ ਨੂੰ ਕਮੇਟੀ ਨੂੰ ਦੱਸਿਆ ਕਿ ਕੈਨੇਡਾ ਕੋਲ ਇਸ ਗੱਲ ਦੇ ਸਬੂਤ ਹਨ ਕਿ ਭਾਰਤ ਸਰਕਾਰ ਨੇ ਸਭ ਤੋਂ ਪਹਿਲਾਂ ਡਿਪਲੋਮੈਟਿਕ ਚੈਨਲਾਂ ਅਤੇ ਪ੍ਰੌਕਸੀਆਂ ਰਾਹੀਂ ਕੈਨੇਡਾ ’ਚ ਭਾਰਤੀ ਅਤੇ ਕੈਨੇਡਿਆਈ ਨਾਗਰਿਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਇਹ ਜਾਣਕਾਰੀ ਨਵੀਂ ਦਿੱਲੀ ਦੀ ਸਰਕਾਰ ਨੂੰ ਦਿੱਤੀ ਗਈ ਜੋ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਨਾਲ ਜੁੜੇ ਇਕ ਅਪਰਾਧਿਕ ਨੈੱਟਵਰਕ ਨਾਲ ਮਿਲ ਕੇ ਕੰਮ ਕਰਦਾ ਹੈ। ਉਂਜ ਡਰੋਈਨ ਨੇ ਦੋਸ਼ ਲਾਇਆ ਕਿ ਬਿਸ਼ਨੋਈ ਦਾ ਵਿਸ਼ਾਲ ਅਪਰਾਧਿਕ ਨੈੱਟਵਰਕ ਕੈਨੇਡਾ ’ਚ ਹੱਤਿਆ, ਹੱਤਿਆ ਦੀ ਸਾਜ਼ਿਸ਼ ਅਤੇ ਹੋਰ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਜਵਾਬਦੇਹੀ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਰਲ ਕੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਡਰੋਈਨ ਨੇ ਕਿਹਾ ਕਿ ਦੋ ਦਿਨ ਪਹਿਲਾਂ ਸਿੰਗਾਪੁਰ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਭਾਰਤ ਸਰਕਾਰ ਪ੍ਰਸਤਾਵਿਤ ਜਵਾਬਦੇਹੀ ਕਦਮਾਂ ਬਾਰੇ ਕੈਨੇਡਾ ਨਾਲ ਸਹਿਯੋਗ ਨਹੀਂ ਕਰੇਗੀ ਤਾਂ ਇਸ ਨੂੰ ਜਨਤਕ ਕਰਨ ਦਾ ਫ਼ੈਸਲਾ ਲਿਆ ਗਿਆ। -ਪੀਟੀਆਈ

ਸ਼ਾਹ ਦੀ ਕਥਿਤ ਭੂਮਿਕਾ ਬਾਰੇ ਜਾਣਕਾਰੀ ਨੂੰ ਬਹੁਤ ਕਮਜ਼ੋਰ ਮੰਨਦਾ ਹੈ ਭਾਰਤ

ਭਾਰਤ ਸਰਕਾਰ ਦੇ ਦੋ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ’ਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਥਿਤ ਭੂਮਿਕਾ ਦੀ ਜਾਣਕਾਰੀ ਨੂੰ ਭਾਰਤ ਬਹੁਤ ਕਮਜ਼ੋਰ ਮੰਨਦਾ ਹੈ। ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸ ਨਾਲ ਸ਼ਾਹ ਜਾਂ ਭਾਰਤ ਸਰਕਾਰ ਨੂੰ ਕੋਈ ਪ੍ਰੇਸ਼ਾਨੀ ਹੋਵੇਗੀ। ਇਕ ਸੂਤਰ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਕੈਨੇਡਾ ਨੇ ਪਿਛਲੇ ਸਾਲ ਅਕਤੂਬਰ ਨੇੜੇ ਇਸ ਮਾਮਲੇ ’ਚ ਸ਼ਾਹ ਦੀ ਕਥਿਤ ਭੂਮਿਕਾ ਬਾਰੇ ਭਾਰਤ ਨੂੰ ਦੱਸਿਆ ਸੀ। -ਰਾਇਟਰਜ਼

ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਵੱਲੋਂ ਟਰੂਡੋ ਸਰਕਾਰ ਦੀ ਆਲੋਚਨਾ

ਓਟਵਾ:

ਨਥਾਲੀ ਡਰੋਈਨ ਵੱਲੋਂ ਕੀਤੇ ਖ਼ੁਲਾਸੇ ਦੀ ਕੈਨੇਡਾ ’ਚ ਵਿਰੋਧੀ ਧਿਰ ਨੇ ਆਲੋਚਨਾ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੀ ਸੰਸਦ ਮੈਂਬਰ ਰੈਕੁਇਲ ਡੈਨਚੋ ਨੇ ਕਿਹਾ, ‘‘ਪ੍ਰਧਾਨ ਮੰਤਰੀ, ਉਸ ਦੇ ਵਿਦੇਸ਼ ਮੰਤਰੀਆਂ ਤੇ ਕੈਨੇਡੀਅਨ ਪੁਲੀਸ ਨੇ ਇਹ ਜਾਣਕਾਰੀ ਉਸ ਸਮੇਂ ਜਨਤਕ ਕਿਉਂ ਨਹੀਂ ਕੀਤੀ ਜਦੋਂ ਉਨ੍ਹਾਂ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ’ਚੋਂ ਕੱਢਿਆ ਸੀ।’’ ਉਨ੍ਹਾਂ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਕੈਨੇਡਾ ’ਚ ਜਾਰੀ ਕਰਨ ਤੋਂ ਪਹਿਲਾਂ ਉਸ ਨੂੰ ‘ਵਾਸ਼ਿੰਗਟਨ ਪੋਸਟ’ ’ਚ ਨਸ਼ਰ ਕੀਤਾ ਗਿਆ ਜਿਸ ਦਾ ਅਫ਼ਸੋਸ ਹੈ। -ਏਐੱਨਆਈ

ਟਰੂਡੋ ਨੇ ਨਿੱਝਰ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦਾ ਕੀਤਾ ਸੀ ਦਾਅਵਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸਾਲ ਪਹਿਲਾਂ ਦਾਅਵਾ ਕੀਤਾ ਸੀ ਕਿ ਕੈਨੇਡਾ ਕੋਲ ਪੁਖ਼ਤਾ ਸਬੂਤ ਹਨ ਕਿ ਜੂਨ 2023 ’ਚ ਬ੍ਰਿਟਿਸ਼ ਕੋਲੰਬੀਆ ’ਚ ਕੈਨੇਡਿਆਈ ਸਿੱਖ ਕਾਰਕੁੰਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਕੈਨੇਡਾ ਦੇ ਅਧਿਕਾਰੀਆਂ ਨੇ ਵਾਰ ਵਾਰ ਆਖਿਆ ਹੈ ਕਿ ਉਨ੍ਹਾਂ ਭਾਰਤੀ ਅਧਿਕਾਰੀਆਂ ਨਾਲ ਇਸ ਦੇ ਸਬੂਤ ਸਾਂਝੇ ਕੀਤੇ ਹਨ। ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਨਿੱਝਰ ਮਾਮਲੇ ’ਚ ਕੈਨੇਡਾ ਵੱਲੋਂ ਸਬੂਤ ਦਿੱਤੇ ਜਾਣ ਤੋਂ ਇਨਕਾਰ ਕਰਦਿਆਂ ਦੋਸ਼ਾਂ ਨੂੰ ਬੇਤੁੱਕਾ ਦੱਸਿਆ ਹੈ।

Advertisement
Tags :
Amit ShahscanadaDavid MorrisonindiaPM Justin TrudeauPunjabi khabarPunjabi News
Show comments