ਅਮਰੀਕਾ ਨੇ ਰੁਕਵਾਈ ਸੀ ਭਾਰਤ-ਪਾਕਿ ਜੰਗ: ਰੂਬੀਓ
਼ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਾਅਵਾ ਕੀਤਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਸੀ ਤਾਂ ਅਮਰੀਕਾ ਨੇ ‘ਸਿੱਧੇ ਤੌਰ ’ਤੇ ਇਸ ਵਿਚ’ ਦਖ਼ਲ ਦੇ ਕੇ ਜੰਗ ਰੁਕਵਾਈ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਮੁਲਕਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ ਵਿਚ ਸਫ਼ਲ ਰਹੇ। ਰੂਬੀਓ ਨੇ ਕਿਹਾ ਕਿ ਅਮਰੀਕਾ ਨੂੰ ਚੁੱਕੇ ਗਏ ਕਦਮਾਂ ’ਤੇ ਮਾਣ ਹੈ ਅਤੇ ਹੁਣ ਯੂਕਰੇਨ ਅਤੇ ਰੂਸ ਵਿਚਾਲੇ ਸਭ ਤੋਂ ਵੱਡੀ ਜੰਗ ਨੂੰ ਰੋਕਣ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਟਰੰਪ ਨੇ 10 ਮਈ ਮਗਰੋਂ ਕਈ ਵਾਰ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਖ਼ਤਮ ਕਰਨ ਵਿਚ ਮਦਦ ਕੀਤੀ ਸੀ। ਰੂਬੀਓ ਨੇ ਵੀਰਵਾਰ ਨੂੰ ਪ੍ਰੋਗਰਾਮ ਲਈ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਟਰੰਪ ਸ਼ਾਂਤੀ ਲਈ ਵਚਨਬੱਧ ਹਨ ਅਤੇ ਉਹ ‘ਅਮਨ ਦੇ ਰਾਸ਼ਟਰਪਤੀ’ ਹਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਤੋਂ ਇਲਾਵਾ ਹੋਰ ਮੁਲਕਾਂ ਦੇ ਟਕਰਾਅ ਹੱਲ ਕਰਨ ਦੀ ਵੀ ਜਾਣਕਾਰੀ ਦਿੱਤੀ। -ਪੀਟੀਆਈ
ਕਾਂਗਰਸ ਨੇ ਮੋਦੀ ਦੀ ਖਾਮੋਸ਼ੀ ’ਤੇ ਸਵਾਲ ਚੁੱਕੇ
ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਦੇ ਕੀਤੇ ਗਏ ਦਾਅਵੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਾਂਗਰਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਦਾਅਵਿਆਂ ਨੂੰ ਸਿੱਧੇ ਤੌਰ ’ਤੇ ਕਿਉਂ ਨਹੀਂ ਨਕਾਰਦੇ ਹਨ ਅਤੇ ਉਹ ਖਾਮੋਸ਼ ਕਿਉਂ ਹਨ। ਕਾਂਗਰਸ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ‘ਡਰੇ’ ਹੋਏ ਹਨ? ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਰੂਬੀਓ ਨੇ 10 ਮਈ ਨੂੰ ਸਭ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਦਾ ਐਲਾਨ ਕੀਤਾ ਸੀ। ਇਸ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜੰਗ ਰੋਕਣ ਦਾ 34 ਵਾਰ ਦਾਅਵਾ ਕਰ ਚੁੱਕੇ ਹਨ। -ਪੀਟੀਆਈ