ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਅਮਰਨਾਥ ਯਾਤਰਾ 3 ਅਗਸਤ ਤੱਕ ਮੁਅੱਤਲ
ਭਾਰੀ ਮੀਂਹ ਤੋਂ ਬਾਅਦ ਯਾਤਰਾ ਦੇ ਦੋਵਾਂ ਰਸਤਿਆਂ ’ਤੇ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕੀਤੇ ਜਾਣ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਲਾਨਾ ਅਮਰਨਾਥ ਯਾਤਰਾ ਨੂੰ ਸ਼ੁੱਕਰਵਾਰ ਨੂੰ 3 ਅਗਸਤ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਪਹਿਲਗਾਮ ਰੂਟ ਤੋਂ ਯਾਤਰਾ ਮੁਅੱਤਲ ਰਹੀ ਅਤੇ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਪਵਿੱਤਰ ਗੁਫਾ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਬਾਲਟਾਲ ਰੂਟ ਤੋਂ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ ਭਾਰੀ ਮੀਂਹ ਕਾਰਨ ਬਾਅਦ ਵਿੱਚ ਬਾਲਟਾਲ ਰੂਟ ਤੋਂ ਵੀ ਯਾਤਰਾ ਮੁਅੱਤਲ ਕਰ ਦਿੱਤੀ ਗਈ।
ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸ਼ਰਧਾਲੂਆਂ ਦੀ ਆਵਾਜਾਈ ਲਗਾਤਾਰ ਦੂਜੇ ਦਿਨ ਵੀ ਮੁਅੱਤਲ ਰਹੀ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂੜੀ ਨੇ ਕਿਹਾ, ‘‘ਹਾਲ ਹੀ ਵਿੱਚ ਹੋਏ ਭਾਰੀ ਮੀਂਹ ਕਾਰਨ ਸ੍ਰੀ ਅਮਰਨਾਥ ਜੀ ਯਾਤਰਾ ਦੇ ਬਾਲਟਾਲ ਰੂਟ ’ਤੇ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਰਨ ਦੀ ਲੋੜ ਹੈ। ਯਾਤਰੀਆਂ ਦੀ ਸੁਰੱਖਿਆ ਦੇ ਹਿੱਤ ਵਿੱਚ 3 ਅਗਸਤ ਨੂੰ ਬਾਲਟਾਲ ਰੂਟ ਤੋਂ ਵੀ ਕਿਸੇ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’
ਉਨ੍ਹਾਂ ਕਿਹਾ ਕਿ ਹੋਰ ਸੂਚਨਾ ਸਮੇਂ ਸਿਰ ਜਾਰੀ ਕੀਤੀ ਜਾਵੇਗੀ। ਬਿਧੂੜੀ ਨੇ ਕਿਹਾ ਕਿ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ’ਤੇ ਹਾਲ ਹੀ ਵਿੱਚ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਬਾਲਟਾਲ ਰੂਟ 'ਤੇ ਤੁਰੰਤ ਮੁਰੰਮਤ ਦੇ ਕੰਮ ਕਰਨ ਦੀ ਲੋੜ ਹੈ। 2 ਜੁਲਾਈ ਤੋਂ ਹੁਣ ਤੱਕ ਜੰਮੂ ਬੇਸ ਕੈਂਪ ਤੋਂ ਕੁੱਲ 1,44,124 ਸ਼ਰਧਾਲੂ ਘਾਟੀ ਲਈ ਰਵਾਨਾ ਹੋ ਚੁੱਕੇ ਹਨ।