ਅਮਰਨਾਥ ਯਾਤਰਾ ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਾਂ ’ਤੇ ਮੁਅੱਤਲ
Amarnath Yatra ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਬੁੱਧਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ’ਤੇ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤੀ ਗਈ ਹੈ। ਜੰਮੂ ਅਤੇ ਕਸ਼ਮੀਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਐਕਸ ਹੈਂਡਲ ’ਤੇ ਪੋਸਟ ਕੀਤਾ, ‘‘ਸ੍ਰੀ ਅਮਰਨਾਥ ਜੀ ਯਾਤਰਾ 30.07.2025 ਲਈ ਪਹਿਲਗਾਮ ਅਤੇ ਬਾਲਟਾਲ ਦੋਵਾਂ ਬੇਸ ਕੈਂਪਾਂ ਤੋਂ ਮੁਅੱਤਲ ਕਰ ਦਿੱਤੀ ਗਈ ਹੈ।’’ ਪੋਸਟ ਵਿੱਚ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂਰੀ ਨੇ ਕਿਹਾ ਕਿ ਬੁੱਧਵਾਰ ਸਵੇਰ ਤੋਂ ਭਾਰੀ ਮੀਂਹ ਕਾਰਨ, ਬਾਲਟਾਲ ਅਤੇ ਨੂਨਵਾਨ/ਚੰਦਨਵਾੜੀ ਬੇਸ ਕੈਂਪਾਂ ਤੋਂ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਇਸ ਦੌਰਾਨ ਖਰਾਬ ਮੌਸਮ ਕਰਕੇ ਅਮਰਨਾਥ ਯਾਤਰਾ ਵੀਰਵਾਰ ਨੂੰ ਵੀ ਮੁਅੱਤਲ ਰਹੇਗੀ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕਿਹਾ, ‘‘ਯਾਤਰਾ ਰੂਟਾਂ ’ਤੇ ਖਰਾਬ ਮੌਸਮ ਦੇ ਮੱਦੇਨਜ਼ਰ ਇਹਤਿਆਤੀ ਉਪਰਾਲੇ ਵਜੋਂ ਅਮਰਨਾਥ ਯਾਤਰਾ ਲਈ 31 ਜੁਲਾਈ ਨੂੰ ਜੰਮੂ ਦੇ ਭਗਵਤੀ ਨਗਰ ਤੋਂ ਰਵਾਨਾ ਹੋਣ ਵਾਲਾ ਕਾਫ਼ਲਾ ਨਹੀਂ ਜਾਵੇਗਾ।’’
ਉਨ੍ਹਾਂ ਕਿਹਾ ਕਿ ਯਾਤਰਾ ਖੇਤਰ ਵਿੱਚ ਭਾਰੀ ਮੀਂਹ ਕਰਕੇ ਕਸ਼ਮੀਰ ਦੇ ਬੇਸ ਕੈਂਪਾਂ ਤੋਂ ਸ਼ਰਧਾਲੂਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਲਿਹਾਜ਼ਾ ਫੈਸਲਾ ਕੀਤਾ ਗਿਆ ਹੈ ਕਿ 31 ਜੁਲਾਈ ਨੂੰ ਜੰਮੂ ਦੇ ਭਗਵਤੀ ਨਗਰ ਤੋਂ ਬੇਸ ਕੈਂਪ ਬਾਲਟਾਲ ਅਤੇ ਨੂਨਵਾਨ ਵੱਲ ਕਿਸੇ ਵੀ ਕਾਫਲੇ ਦੀ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ। ਕੁਮਾਰ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸਮੇਂ ਸਿਰ ਸਥਿਤੀ ਬਾਰੇ ਸੂਚਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹੁਣ ਤੱਕ, ਅਮਰਨਾਥ ਯਾਤਰਾ ਦੌਰਾਨ 3.93 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਅਸਥਾਨ ’ਤੇ ਮੱਥਾ ਟੇਕਿਆ ਹੈ। ਭਾਰੀ ਮੀਂਹ ਦਰਮਿਆਨ ਅਮਰਨਾਥ ਯਾਤਰਾ ਜੰਮੂ ਤੋਂ ਜਾਰੀ ਰਹੀ ਕਿਉਂਕਿ 1300 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਅਮਰਨਾਥ ਦੇ ਜੁੜਵੇਂ ਬੇਸ ਕੈਂਪਾਂ ਲਈ ਇੱਥੋਂ ਰਵਾਨਾ ਹੋਇਆ।