Amarnath Yatra suspended: ਅਮਰਨਾਥ ਯਾਤਰਾ 3 ਅਗਸਤ ਤੋਂ ਮੁਅੱਤਲ
ਪ੍ਰਸ਼ਾਸਨ ਨੇ ਸਾਲਾਨਾ ਅਮਰਨਾਥ ਯਾਤਰਾ ਇਸਦੇ ਨਿਰਧਾਰਤ ਸਮਾਪਤੀ ਦੇ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਮੁਅੱਤਲ ਕਰ ਦਿੱਤੀ ਹੈ। ਹਾਲ ਹੀ ਵਿੱਚ ਪਏ ਮੀਂਹ ਕਾਰਨ ਨੁਕਸਾਨੇ ਗਏ ਮਾਰਗਾਂ ਦੀ ਮੁਰੰਮਤ ਦੀ ਲੋੜ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਸਾਲ 3 ਜੁਲਾਈ ਨੂੰ ਸ਼ੁਰੂ ਹੋਈ ਅਮਰਨਾਥ ਯਾਤਰਾ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਣੀ ਸੀ। ਹਾਲਾਂਕਿ, ਅਧਿਕਾਰੀਆਂ ਨੇ ਭਾਰੀ ਮੀਂਹ ਦੇ ਮੱਦੇਨਜ਼ਰ ‘ਮਹੱਤਵਪੂਰਨ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ’ ਦਾ ਹਵਾਲਾ ਦਿੰਦਿਆਂ ਇਸਦੀ ਮਿਆਦ ਇੱਕ ਹਫ਼ਤੇ ਘਟਾਉਣ ਦਾ ਫ਼ੈਸਲਾ ਕੀਤਾ।
ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੈ ਕੁਮਾਰ ਬਿਧੂੜੀ ਨੇ ਇੱਥੇ ਕਿਹਾ, ‘‘ਹਾਲ ਹੀ ਵਿੱਚ ਭਾਰੀ ਮੀਂਹ ਅਤੇ ਸ੍ਰੀ ਅਮਰਨਾਥ ਜੀ ਯਾਤਰਾ ਰੂਟ ਦੇ ਬਾਲਟਾਲ ਅਤੇ ਪਹਿਲਗਾਮ ਦੋਵਾਂ ਰਸਤਿਆਂ ’ਤੇ ਰੂਟ ਦੇ ਰੱਖ-ਰਖਾਅ ਦੀ ਜ਼ਰੂਰਤ ਕਾਰਨ ਦੋਵਾਂ ਰੂਟਾਂ ’ਤੇ ਯਾਤਰਾ ਬੰਦ ਕਰ ਦਿੱਤੀ ਗਈ ਹੈ।’’ ਉਨ੍ਹਾਂ ਕਿਹਾ, ‘‘ਇਹ ਦੇਖਿਆ ਗਿਆ ਕਿ ਮਾਰਗ ’ਤੇ ਵਰਕਰਾਂ ਅਤੇ ਮਸ਼ੀਨਰੀ ਦੀ ਲਗਾਤਾਰ ਤਾਇਨਾਤੀ ਕਾਰਨ ਅਸੀਂ ਕੱਲ੍ਹ ਤੋਂ ਯਾਤਰਾ ਮੁੜ ਸ਼ੁਰੂ ਨਹੀਂ ਕਰ ਸਕਾਂਗੇ। ਇਸ ਲਈ 3 ਅਗਸਤ ਤੋਂ ਯਾਤਰਾ ਦੋਵਾਂ ਮਾਰਗਾਂ ਤੋਂ ਮੁਅੱਤਲ ਰਹੇਗੀ।’’
Advertisementਬਿਧੂੜੀ ਨੇ ਕਿਹਾ ਕਿ ਇਸ ਸਾਲ 410,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਮੰਦਰ ਦੀ ਯਾਤਰਾ ਕੀਤੀ ਹੈ। ਇਸ ਦੇ ਮੁਕਾਬਲੇ, ਪਿਛਲੇ ਸਾਲ 510,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ ਸੀ।