ਅਮਰਨਾਥ ਯਾਤਰਾ: ਸੱਤ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ
ਜੰਮੂ, 10 ਜੁਲਾਈ
ਦੱਖਣੀ ਕਸ਼ਮੀਰ ਸਥਿਤ ਅਮਰਨਾਥ ਗੁਫਾ ਮੰਦਰ ਲਈ 7,307 ਸ਼ਰਧਾਲੂਆਂ ਦਾ ਨਵਾਂ ਜਥਾ ਅੱਜ ਤੜਕੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 1.28 ਲੱਖ ਸ਼ਰਧਾਲੂ ਪਵਿੱਤਰ ਗੁਫਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਘਾਟੀ ਦੇ ਦੋ ਮਾਰਗਾਂ ਤੋਂ ਇਹ 38 ਰੋਜ਼ਾ ਤੀਰਥ ਯਾਤਰਾ ਤਿੰਨ ਜੁਲਾਈ ਨੂੰ ਸ਼ੁਰੂ ਹੋਈ ਸੀ। ਪਹਿਲਾ ਮਾਰਗ ਅਨੰਤਨਾਗ ਜ਼ਿਲ੍ਹੇ ’ਚ 48 ਕਿਲੋਮੀਟਰ ਲੰਮਾ ਰਵਾਇਤੀ ਨੁਨਵਾਨ-ਪਹਿਲਗਾਮ ਮਾਰਗ ਹੈ ਅਤੇ ਦੂਜਾ ਗੰਦਰਬਲ ਜ਼ਿਲ੍ਹੇ ’ਚ 14 ਕਿਲੋਮੀਟਰ ਦਾ ਛੋਟਾ ਪਰ ਤਿੱਖੀ ਚੜ੍ਹਾਈ ਵਾਲਾ ਬਾਲਟਾਲ ਮਾਰਗ ਹੈ। ਇਹ ਯਾਤਰਾ ਨੌਂ ਅਗਸਤ ਨੂੰ ਸੰਪੂਰਨ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ 5,534 ਪੁਰਸ਼ਾਂ, 1,586 ਮਹਿਲਾਵਾਂ, 25 ਬੱਚਿਆਂ ਤੇ 162 ਸਾਧੂ-ਸੰਤਾਂ ਸਮੇਤ 7,307 ਸ਼ਰਧਾਲੂਆਂ ਦਾ ਨੌਵਾਂ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਤੜਕੇ 284 ਵਾਹਨਾਂ ’ਚ ਰਵਾਨਾ ਹੋਇਆ। ਕੁੱਲ 3,081 ਸ਼ਰਧਾਲੂ 137 ਵਾਹਨਾਂ ਰਾਹੀਂ ਬਾਲਟਾਲ ਮਾਰਗ ਤੋਂ ਜਦਕਿ 4,226 ਸ਼ਰਧਾਲੂ 147 ਵਾਹਨਾਂ ਰਾਹੀਂ ਰਵਾਇਤੀ ਪਹਿਲਗਾਮ ਮਾਰਗ ਤੋਂ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਉਪ ਰਾਜਪਾਲ ਮਨੋਜ ਸਿਨਹਾ ਨੇ ਦੋ ਜੁਲਾਈ ਨੂੰ ਅਮਰਨਾਥ ਗੁਫਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਈ ਸੀ। ਪਹਿਲਗਾਮ ਹਮਲੇ ਤੋਂ ਬਾਅਦ ਭਗਵਤੀ ਨਗਰ ਬੇਸ ਕੈਂਪ ਨੂੰ ਸਖ਼ਤ ਸੁਰੱਖਿਆ ਘੇਰੇ ਹੇਠ ਰੱਖਿਆ ਗਿਆ ਹੈ। -ਪੀਟੀਆਈ