ਮੇਰੇ ਖ਼ਿਲਾਫ਼ ਕਸ਼ਮੀਰੀ ਪੰਡਿਤਾਂ ਦੀ ਨਸਲਕੁਸ਼ੀ ਦਾ ਦੋਸ਼ ‘ਨਿਰਆਧਾਰ, ਬੇਤੁਕਾ ਅਤੇ ਘਿਣਾਉਣਾ’: ਯਾਸਿਨ ਮਲਿਕ
ਹਾਈ ਕੋਰਟ ਵਿੱਚ ਦਾਇਰ ਕੀਤੇ ਆਪਣੇ ਹਲਫ਼ਨਾਮੇ ’ਚ ਯਾਸਿਨ ਮਲਿਕ ਨੇ ਸਵਾਲ ਕੀਤਾ ਕਿ ਜੇਕਰ ਦੋਸ਼ਾਂ ਵਿੱਚ ਕੋਈ ਸਾਰਥਕਤਾ ਸੀ ਤਾਂ ‘‘ਦੋ ਵੱਖ-ਵੱਖ ਮੱਠਾਂ ਤੋਂ ਆਉਣ ਵਾਲੇ ਦੋ ਸ਼ੰਕਰਾਚਾਰੀਆ ਇੱਕ ਵਾਰ ਨਹੀਂ, ਸਗੋਂ ਕਈ ਵਾਰ ਸ੍ਰੀਨਗਰ ਵਿੱਚ ਮੇਰੇ ਨਿਵਾਸ ਸਥਾਨ ’ਤੇ ਵੱਖਰੇ ਤੌਰ ’ਤੇ ਕਿਉਂ ਆਏ ਸਨ ਅਤੇ ਉਨ੍ਹਾਂ ਮੇਰੇ ਨਾਲ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ।’’
ਯਾਸਿਨ ਨੇ ਹਲਫ਼ਨਾਮੇ ’ਚ ਲਿਖਿਆ, ‘‘ਕੀ ਇਹ ਦਿਲਚਸਪ ਅਤੇ ਸੋਚਣ ਵਾਲਾ ਵਿਸ਼ਾ ਨਹੀਂ ਹੈ ਕਿ ਮੇਰੇ ਵਰਗੇ ਕਿਸੇ ਵਿਅਕਤੀ ਤੋਂ ਦੂਰ ਰੱਖਣ ਦੀ ਬਜਾਏ, ਬਹੁਗਿਣਤੀ ਭਾਈਚਾਰੇ ਦੇ ਅਜਿਹੇ ਪ੍ਰਤੀਨਿਧੀਆਂ ਨੇ ਆਪਣੇ ਚੰਗੇ ਨਾਮ ਨੂੰ ਅਜਿਹੇ ਗੰਭੀਰ ਅਤੇ ਘਿਣਾਉਣੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨਾਲ ਜੋੜਨ ਦਾ ਫੈਸਲਾ ਕੀਤਾ?’’
ਦਾਅਵਿਆਂ ਨੂੰ ਖਾਰਜ ਕਰਦਿਆਂ ਕਿ ਪੰਡਿਤਾਂ ਦਾ ਪਰਵਾਸ ਉਸ ਦੀ ਭੂਮਿਕਾ ਕਾਰਨ ਹੋਇਆ ਸੀ, ਮਲਿਕ ਨੇ ਦਲੀਲ ਦਿੱਤੀ ਕਿ ਅਧਿਕਾਰਤ ਰਿਕਾਰਡ ਅਜਿਹੇ ਬਿਰਤਾਂਤ ਦਾ ਸਮਰਥਨ ਨਹੀਂ ਕਰਦਾ।
ਉਸ ਨੇ ਦੱਸਿਆ ਕਿ ਤਤਕਾਲੀ ਡੀਜੀਪੀ ਕੁਲਦੀਪ ਖੋਡਾ ਨੇ 2010 ਵਿੱਚ ਕਿਹਾ ਸੀ ਕਿ 1990 ਅਤੇ 2010 ਦੇ ਵਿਚਕਾਰ 167 ਕਸ਼ਮੀਰੀ ਪੰਡਿਤ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ 1996 ਤੋਂ ਬਾਅਦ ਚਾਰ ਕਤਲੇਆਮ, ਸੰਗਰਾਮਪੋਰਾ-ਬਡਗਾਮ, ਵਾਂਧਾਮਾ-ਗੰਦਰਬਲ, ਸ਼ੋਪੀਆਂ ਅਤੇ ਡੋਡਾ ਵਿੱਚ ਹੋਈਆਂ ਸਨ।
ਮਲਿਕ ਨੇ ਡੋਡਾ ਕਤਲੇਆਮ ਵਾਲੀ ਥਾਂ ’ਤੇ ਆਪਣੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਂ ਜਨਤਕ ਤੌਰ ’ਤੇ ਸੋਗ ਮਨਾਇਆ ਸੀ, ਜ਼ੋਰਦਾਰ ਆਲੋਚਨਾ ਕੀਤੀ ਸੀ, ਹੜਤਾਲਾਂ (ਕਸ਼ਮੀਰ ਬੰਦ) ਕੀਤੀਆਂ ਸਨ ਅਤੇ ਬਦਕਿਸਮਤ ਮ੍ਰਿਤਕਾਂ, ਕਸ਼ਮੀਰੀ ਪੰਡਿਤਾਂ ਦੇ ਸਸਕਾਰ ਦੀਆਂ ਰਸਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ।’’
ਉਸ ਨੇ ਕਿਹਾ ਕਿ ਭਾਜਪਾ ਨੇਤਾ ਅਤੇ ਬਾਅਦ ਵਿੱਚ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਸਸਕਾਰ ’ਤੇ ਉਨ੍ਹਾਂ ਦੇ ਆਉਣ ਨੂੰ ਸਵੀਕਾਰ ਕੀਤਾ ਸੀ। ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਇਹ ਟਿੱਪਣੀ ਵੀ ਕੀਤੀ ਸੀ ਕਿ ਉਹ ਜਾਣਦੇ ਸਨ ਕਿ ਮਲਿਕ ‘ਜ਼ਰੂਰ ਆਉਣਗੇ’।
ਕੌਮੀ ਜਾਂਚ ਏਜੰਸੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਮਲਿਕ ਨੇ ਜ਼ੋਰ ਦੇ ਕੇ ਕਿਹਾ, “ਮੀਡੀਆ ਵਿੱਚ ਮੇਰੇ ਖ਼ਿਲਾਫ਼ ਇੱਕ ਪੂਰੀ ਤਰ੍ਹਾਂ ਗਲਤ ਕਹਾਣੀ ਘੜੀ ਗਈ ਹੈ, ਜਿਸ ਤੋਂ ਬਾਅਦ NIA ਨੇ ਵੀ ਕਾਰਵਾਈ ਕੀਤੀ। ਮੈਂ ਖੁਫ਼ੀਆ ਬਿਊਰੋ ਦਾ ਸਵਾਗਤ ਕਰਦਾ ਹਾਂ ਕਿ ਉਹ ਉਸ ਸਮੇਂ ਨਾਲ ਸਬੰਧਿਤ ਸਾਰੀ ਸੰਭਾਵੀ ਜਾਣਕਾਰੀ ਰਿਕਾਰਡ ’ਤੇ ਰੱਖੇ, ਜੋ ਸ਼ੱਕ ਤੋਂ ਪਰੇ ਸੱਚਾਈ ਸਾਬਤ ਕਰ ਸਕਦੀ ਹੈ, ਕਿਉਂਕਿ ਜੇਕਰ ਮੇਰੀ ਕਸ਼ਮੀਰੀ ਪੰਡਿਤਾਂ ਦੀ ਕਥਿਤ ਨਸਲਕੁਸ਼ੀ ਜਾਂ ਸਮੂਹਿਕ ਬਲਾਤਕਾਰ ਵਿੱਚ ਕੋਈ ਸ਼ਮੂਲੀਅਤ ਸੀ ਤਾਂ ਮੈਂ ਬਿਨਾਂ ਕਿਸੇ ਮੁਕੱਦਮੇ ਦੇ ਖ਼ੁਦ ਨੂੰ ਫਾਂਸੀ ਲਗਾ ਲਵਾਂਗਾ ਅਤੇ ਇਤਿਹਾਸ ਵਿੱਚ ਮਨੁੱਖਤਾ ਲਈ ਇੱਕ ਧੱਬੇ ਅਤੇ ਸਰਾਪ ਵਜੋਂ ਆਪਣਾ ਨਾਮ ਲਿਖਾਂਗਾ।”
ਮਲਿਕ ਨੇ ਦਾਅਵਾ ਕੀਤਾ ਕਿ ਵੀਪੀ ਸਿੰਘ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਛੇ ਲਗਾਤਾਰ ਸਰਕਾਰਾਂ ਨੇ ਉਨ੍ਹਾਂ ਨੂੰ ਗੱਲਬਾਤ ਅਤੇ ਅੰਤਰਰਾਸ਼ਟਰੀ ਪਹੁੰਚ ਲਈ ਸ਼ਾਮਲ ਕੀਤਾ ਸੀ। ਉਸ ਨੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਣੇ ਕਈ ਹੋਰ ਨੇਤਾਵਾਂ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਸੀ, “ਕਾਚੇ ਧਾਂਗੇ ਕਾ ਹੀ ਸਹੀ, ਹਮਾਰੇ ਸਾਥ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਰਖੇਂ,” ਅਤੇ ਯਾਸਿਨ ਨੇ ਮਨਮੋਹਨ ਸਿੰਘ ਨਾਲ ਮੁਲਾਕਾਤ ਚੇਤੇ ਕੀਤੀ। ਮਲਿਕ ਮੁਤਾਬਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਸ ਨੂੰ, “ਬਿਨਾਂ ਕਿਸੇ ਝਿਜਕ ਦੇ ਕਿਹਾ, ਮੈਂ ਤੁਹਾਨੂੰ ਕਸ਼ਮੀਰ ਵਿੱਚ ਅਹਿੰਸਕ ਅੰਦੋਲਨ ਦਾ ਪਿਤਾਮਾ ਮੰਨਦਾ ਹਾਂ।”
ਇਹ ਕਹਿੰਦਿਆਂ ਕਿ 1990 ਵਿੱਚ ਰਾਜਪਾਲ ਜਗਮੋਹਨ ਦੇ ਆਉਣ ਤੋਂ ਬਾਅਦ ਕਸ਼ਮੀਰੀ ਪੰਡਿਤਾਂ ਦਾ ਪਰਵਾਸ ਇੱਕ ‘ਯੋਜਨਾਬੱਧ ਕਾਰਵਾਈ’ ਸੀ, ਮਲਿਕ ਨੇ ਦੋਸ਼ ਲਗਾਇਆ, ‘‘ਕਸ਼ਮੀਰੀ ਪੰਡਿਤਾਂ ਨੂੰ ਪਹਿਲਾਂ ਇਸ ਜ਼ੁਲਮ ਤੋਂ ਬਚਣ ਲਈ ਹਿਜਰਤ ਕਰਨ ਲਈ ਕਿਹਾ ਗਿਆ ਸੀ।’’
ਆਪਣੇ ਖ਼ਿਲਾਫ਼ ਦੋਸ਼ਾਂ ਨੂੰ ਸ਼ਰਮਨਾਕ ਦੱਸਦਿਆਂ ਯਾਸਿਨ ਮਲਿਕ ਨੇ ਲਿਖਿਆ, ‘‘ਇਹ ਐੱਨਆਈਏ ਵੱਲੋਂ ਕੀਤੀ ਗਈ ਇੰਨੀ ਸ਼ਰਮਨਾਕ ਕਾਰਵਾਈ ਹੈ ਕਿ ਇੱਕ ਗਲੀ ਦਾ ਗੁੰਡਾ/ਧੋਖਾਧੜੀ ਕਰਨ ਵਾਲਾ ਵੀ ਇਸ ਦੀ ਕਲਪਨਾ ਨਹੀਂ ਕਰ ਸਕਦਾ।’’