ਕਰਤਾਰਪੁਰ ਸਾਹਿਬ ਸਣੇ ਹੜ੍ਹ ਪ੍ਰਭਾਵਿਤ ਸਾਰੇ ਸਿੱਖ ਧਾਰਮਿਕ ਸਥਾਨਾਂ ਨੂੰ ਅਸਲ ਰੂਪ ’ਚ ਬਹਾਲ ਕੀਤਾ ਜਾਵੇਗਾ: ਮੁਨੀਰ
ਪਾਕਿਸਤਾਨੀ ਫ਼ੌਜ ਤਰਫ਼ੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਮੁਨੀਰ ਨੇ ਹਡ੍ਹ ਦੀ ਸਥਿਤੀ ਅਤੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸੈਕਟਰ, ਸ਼ਕਰਗੜ੍ਹ, ਨਰੋਵਾਲ ਅਤੇ ਕਰਤਾਰਪੁਰ ਸਾਹਿਬ ਸਣੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਪੰਜਾਬ ਲਗਭਗ ਇੱਕ ਹਫ਼ਤੇ ਤੋਂ ਹੜ੍ਹ ਦੀ ਮਾਰ ਹੇਠ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 22 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਸਿੱਖਾਂ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਸਣੇ ਪੂਰੇ ਸੂਬੇ ਵਿੱਚ ਘੱਟੋ-ਘੱਟ 1700 ਪਿੰਡ ਪਾਣੀ ’ਚ ਡੁੱਬ ਗਏ ਹਨ।
ਬਿਆਨ ਮੁਤਾਬਕ ਮੁਨੀਰ ਨੂੰ ਮੌਜੂਦਾ ਸਥਿਤੀ ਅਤੇ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਬਿਆਨ ਵਿੱਚ ਕਿਹਾ ਗਿਆ ਕਿ ਮੁਨੀਰ ਨੇ ਖੇਤਰ ਦੇ ਪੀੜਤ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਹਡ੍ਹ ਨਾਲ ਪ੍ਰਭਾਵਿਤ ਦਰਬਾਰ ਸਾਹਿਬ ਕਰਤਾਰਪੁਰ ਸਣੇ ਸਾਰੇ ਧਾਰਮਿਕ ਸਥਾਨਾਂ ਨੂੰ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੇ ਮੂਲ ਰੂਪ ਵਿੱਚ ਬਹਾਲ ਕੀਤਾ ਜਾਵੇਗਾ।