ਅਲ ਕਾਇਦਾ ਗੁਜਰਾਤ ਦਹਿਸ਼ਤੀ ਸਾਜ਼ਿਸ਼ ਕੇਸ: ਐੱਨਆਈਏ ਵੱਲੋਂ ਹਰਿਆਣਾ ਸਣੇ ਪੰਜ ਰਾਜਾਂ ’ਚ ਛਾਪੇ
Al Qaida Gujarat terror conspiracy case ਕੌਮੀ ਜਾਂਚ ਏਜੰਸੀ ਨੇ ਕਥਿਤ ਗ਼ੈਰਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦੀ ਸ਼ਮੂਲੀਅਤ ਵਾਲੇ ਅਲ ਕਾਇਦਾ ਗੁਜਰਾਤ ਦਹਿਸ਼ਤੀ ਸਾਜ਼ਿਸ਼ ਕੇਸ ਨੂੰ ਲੈ ਕੇ ਪੰਜ ਰਾਜਾਂ ਵਿਚ ਦਸ ਦੇ ਕਰੀਬ ਟਿਕਾਣਿਆਂ ’ਤੇੇ ਛਾਪੇ ਮਾਰੇ ਹਨ।
ਏਜੰਸੀ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਨਆਈਏ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ, ਤ੍ਰਿਪੁਰਾ, ਮੇਘਾਲਿਆ, ਹਰਿਆਣਾ ਅਤੇ ਗੁਜਰਾਤ ਵਿੱਚ ਵੱਖ-ਵੱਖ ਮਸ਼ਕੂਕਾਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੇ ਅਹਾਤਿਆਂ ਦੀ ਤਲਾਸ਼ੀ ਲਈ।
ਅਧਿਕਾਰੀ ਨੇ ਕਿਹਾ ਕਿ ਛਾਪਿਆਂ ਦੌਰਾਨ ਕਈ ਡਿਜੀਟਲ ਡਿਵਾਈਸ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਨੂੰ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।
ਇਹ ਕੇਸ 2023 ਵਿੱਚ ਦਰਜ ਕੀਤਾ ਗਿਆ ਸੀ ਅਤੇ ਇਸ ਵਿੱਚ ਚਾਰ ਬੰਗਲਾਦੇਸ਼ੀ ਨਾਗਰਿਕ - ਮੁਹੰਮਦ ਸੋਜੀਬ ਮੀਆਂ, ਮੁੰਨਾ ਖਾਲਿਦ ਅੰਸਾਰੀ, ਅਜ਼ਾਰੁਲ ਇਸਲਾਮ ਅਤੇ ਅਬਦੁਲ ਲਤੀਫ - ਸ਼ਾਮਲ ਹਨ, ਜਿਨ੍ਹਾਂ ਨੇ ਜਾਅਲੀ ਭਾਰਤੀ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਬੰਗਲਾਦੇਸ਼ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਘੁਸਪੈਠ ਕੀਤੀ ਸੀ।
ਬਿਆਨ ਵਿੱਚ ਕਿਹਾ ਗਿਆ, ‘‘ਇਹ ਪਾਬੰਦੀਸ਼ੁਦਾ ਅਲ-ਕਾਇਦਾ ਅਤਿਵਾਦੀ ਸੰਗਠਨ ਲਈ ਕੰਮ ਕਰ ਰਹੇ ਸਨ। ਇਹ ਬੰਗਲਾਦੇਸ਼ ਵਿੱਚ ਅਲ ਕਾਇਦਾ ਦੇ ਕਾਰਕੁਨਾਂ ਨੂੰ ਫੰਡ ਇਕੱਠਾ ਕਰਨ ਅਤੇ ਟ੍ਰਾਂਸਫਰ ਕਰਨ ਵਿੱਚ ਸ਼ਾਮਲ ਸਨ, ਅਤੇ ਮੁਸਲਿਮ ਨੌਜਵਾਨਾਂ ਨੂੰ ਸਰਗਰਮੀ ਨਾਲ ਕੁਰਾਹੇ ਵੀ ਪਾਉਂਦੇ ਸਨ।’’ ਐੱਨਆਈਏ ਨੇ 10 ਨਵੰਬਰ, 2023 ਨੂੰ ਅਹਿਮਦਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
