ਸਕੁੂਲਾਂ ਵਿੱਚ ਸਾਈਬਰ ਜਾਗਰੂਕਤਾ ਬਾਰੇ ਪੜ੍ਹਾਇਆ ਜਾਵੇ: ਅਕਸ਼ੈ ਕੁਮਾਰ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਕਿਹਾ ਕਿ ਉਸ ਦੀ ਨਾਬਾਲਗ ਧੀ ਨੂੰ ਮੋਬਾਈਲ ਫੋਨ ’ਤੇ ਆਨਲਾਈਨ ਵੀਡੀਓ ਗੇਮ ਖੇਡਦੇ ਸਮੇਂ ਉਸ ਦੀ ਨਗਨ ਤਸਵੀਰ ਭੇਜਣ ਨੂੰ ਕਿਹਾ ਗਿਆ ਸੀ ਪਰ ਉਸ ਨੇ ਸਮਝਦਾਰੀ ਦਿਖਾਉਂਦੇ ਹੋਏ ਮੋਬਾਈਲ ਫੋਨ ਬੰਦ ਕਰ ਦਿੱਤਾ। ਅਦਾਕਾਰ ਨੇ ਮੁੰਬਈ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨਾਲ ਇਹ ਪ੍ਰੇਸ਼ਾਨ ਕਰਨ ਵਾਲੀ ਘਟਨਾ ਸਾਂਝੀ ਕੀਤੀ। ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੀਨੀਅਰ ਪੁਲੀਸ ਅਧਿਕਾਰੀ ਵੀ ਸ਼ਾਮਲ ਸਨ। ਅਦਾਕਾਰ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਸ ਦੀ ਧੀ ਆਨਲਾਈਨ ਵੀਡੀਓ ਗੇਮ ਖੇਡ ਰਹੀ ਸੀ ਤਾਂ ਉਸ ਦਾ ਸੰਪਰਕ ਅਣਪਛਾਤੇ ਵਿਅਕਤੀ ਨਾਲ ਹੋਇਆ, ਜਿਸ ਨੇ ਉਸ ਦੀ ਧੀ ਨੂੰ ਨਗਨ ਤਸਵੀਰ ਭੇਜਣ ਨੂੰ ਕਿਹਾ। ਉਸ ਦੀ ਧੀ ਨੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਮੋਬਾਈਲ ਫੋਨ ਬੰਦ ਕਰ ਦਿੱਤਾ ਅਤੇ ਆਪਣੀ ਮਾਂ ਕੋਲ ਗਈ ਤੇ ਉਸ ਨੂੰ ਘਟਨਾ ਬਾਰੇ ਦੱਸਿਆ। ਅਦਾਕਾਰ ਨੇ ਕਿਹਾ ਕਿ ਉਸ ਦੀ ਧੀ ਦੀ ਚੌਕਸੀ ਨੇ ਉਸ ਨੂੰ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋਣ ਤੋਂ ਬਚਾਅ ਲਿਆ। ਦੱਖਣੀ ਮੁੰਬਈ ਸਥਿਤ ਸੂਬਾਈ ਪੁਲੀਸ ਹੈੱਡਕੁਆਰਟਰ ਵਿੱਚ ‘ਸਾਈਬਰ ਜਾਗਰੂਕਤਾ ਮਹੀਨੇ’ ਦੇ ਉਦਘਾਟਨ ਮਗਰੋਂ ਅਦਾਕਾਰ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਪੀਲ ਕੀਤੀ ਕਿ ਸੱਤਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਸਾਈਬਰ ਜਾਗਰੂਕਤਾ ਬਾਰੇ ਪੜ੍ਹਾਉਣਾ ਚਾਹੀਦਾ ਹੈ।