ਅਖਿਲੇਸ਼ ਯਾਦਵ ਦਾ ਫੇਸਬੁੱਕ ਖਾਤਾ ਬਹਾਲ
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਦੀ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਵਿੱਚ ‘ਕੋਈ ਭੂਮਿਕਾ’ ਨਹੀਂ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਅਕਾਊਂਟ ’ਤੇ ਇੱਕ ਅਪਮਾਨਜਨਕ ਪੋਸਟ ਸੀ ਅਤੇ ਫੇਸਬੁੱਕ ਨੇ ਆਪਣੀਆਂ ਨੀਤੀਆਂ ਅਨੁਸਾਰ ਇਸ ਨੂੰ ਬਲਾਕ ਕਰ ਦਿੱਤਾ।’’
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਅਧਿਕਾਰਤ ਫੇਸਬੁੱਕ ਅਕਾਊਂਟ ਸ਼ੁੱਕਰਵਾਰ ਸ਼ਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪਾਰਟੀ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ। ਇਹ ਅਕਾਊਂਟ, ਜਿਸ ’ਤੇ ਅਖਿਲੇਸ਼ ਯਾਦਵ ਦੇ 80 ਲੱਖ ਤੋਂ ਵੱਧ ਫਾਲੋਅਰ ਸਨ, ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ ਆਫ਼ਲਾਈਨ ਹੋ ਗਿਆ।
ਅਖਿਲੇਸ਼ ਯਾਦਵ ਨੇ ਆਪਣੇ ਅਕਾਊਂਟ ’ਤੇ ਸਮਾਜਵਾਦੀ ਨੇਤਾ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਸ਼ਨਿਚਰਵਾਰ ਸਵੇਰੇ ਜੈਪ੍ਰਕਾਸ਼ ਨਾਰਾਇਣ ਦੁਆਰਾ ਇੱਕ ਹਵਾਲਾ ਸਾਂਝਾ ਕੀਤਾ।
ਪੋਸਟ ’ਚ ਲਿਖਿਆ, ‘‘ਸੰਪੂਰਨ ਕ੍ਰਾਂਤੀ (ਪੂਰਨ ਕ੍ਰਾਂਤੀ) ਦਾ ਮੇਰਾ ਮਤਲਬ ਸਮਾਜ ਦੇ ਸਭ ਤੋਂ ਦੱਬੇ-ਕੁਚਲੇ ਵਿਅਕਤੀ ਨੂੰ ਸ਼ਕਤੀ ਦੇ ਸਿਖਰ ’ਤੇ ਦੇਖਣਾ ਹੈ।’’
ਸਮਾਜਵਾਦੀ ਪਾਰਟੀ ਦੇ ਤਰਜਮਾਨ ਦੀਪਕ ਰੰਜਨ ਨੇ ਸੋਸ਼ਲ ਮੀਡੀਆ ਪੇਜ ਦੀ ਮੁਅੱਤਲੀ ਅਤੇ ਬਾਅਦ ਵਿੱਚ ਬਹਾਲੀ ਦੀ ਪੁਸ਼ਟੀ ਕੀਤੀ। ਪਾਰਟੀ ਦੇ ਮੁੱਖ ਬੁਲਾਰੇ ਰਾਜੇਂਦਰ ਚੌਧਰੀ ਨੇ ਦੱਸਿਆ, ‘‘ਮੈਨੂੰ ਅਜੇ ਤੱਕ ਪਤਾ ਨਹੀਂ ਹੈ ਕਿ ਇਸ ਨੂੰ ਬਹਾਲ ਕੀਤਾ ਗਿਆ ਹੈ, ਪਰ ਮੁੱਖ ਮੁੱਦਾ ਇਹ ਹੈ ਕਿ ਇਸ ਮੁਅੱਤਲੀ ਪਿੱਛੇ ਕੌਣ ਸੀ? ਇਹ ਕਾਰਵਾਈ ਲੋਕਤੰਤਰੀ ਰਾਏ ਅਤੇ ਸੱਚਾਈ ਨੂੰ ਰੋਕਣ ਦੀ ਸਪੱਸ਼ਟ ਕੋਸ਼ਿਸ਼ ਸੀ।’’ ਪਾਰਟੀ ਆਗੂਆਂ ਨੇ ਪਹਿਲਾਂ ਭਾਜਪਾ ਸਰਕਾਰ ’ਤੇ ਅੱਸੀ ਲੱਖ ਤੋਂ ਵੱਧ ਫਾਲੋਅਰਜ਼ ਵਾਲੇ ਅਕਾਉੂਂਟ ਦੀ ਕਥਿਤ ਮੁਅੱਤਲੀ ਤੋਂ ਬਾਅਦ ‘ਹਰ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਅਣਐਲਾਨੀ ਐਮਰਜੈਂਸੀ’ ਲਗਾਉਣ ਦਾ ਦੋਸ਼ ਲਗਾਇਆ ਸੀ।
ਸਪਾ ਮੁਖੀ ਦੁਆਰਾ ਆਪਣੇ ਵਿਚਾਰ ਸਾਂਝੇ ਕਰਨ, ਸਰਕਾਰ ਦੀਆਂ ‘ਖਾਮੀਆਂ’ ਉਭਾਰਨ ਅਤੇ ਸਮਰਥਕਾਂ ਨਾਲ ਜੁੜਨ ਲਈ ਇਸ ਪੰਨੇ ਦੀ ਵਰਤੋਂ ਨਿਯਮਿਤ ਤੌਰ ’ਤੇ ਕੀਤੀ ਜਾਂਦੀ ਹੈ।
ਅਕਾਊਂਟ ਨੂੰ ਮੁਅੱਤਲ ਕਰਨ ’ਤੇ ਪ੍ਰਤੀਕਿਰਿਆ ਦਿੰਦਿਆਂ Ghosi ਤੋਂ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਰਾਜੀਵ ਰਾਏ ਨੇ X ’ਤੇ ਹਿੰਦੀ ’ਚ ਇੱਕ ਪੋਸਟ ਵਿੱਚ ਕਿਹਾ ਸੀ, ‘‘ਭਾਰਤ ਦੀ ਸੰਸਦ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਨੇਤਾ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ, ਮਾਣਯੋਗ @yadavakhilesh ਦੇ ਅਕਾਊਂਟ ਨੂੰ ਫੇਸਬੁੱਕ ਵੱਲੋਂ ਬਲਾਕ ਕਰਨਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਭਾਰਤ ਦੀ ਲੋਕਤੰਤਰੀ ਪ੍ਰਣਾਲੀ ’ਤੇ ਹਮਲਾ ਵੀ ਹੈ। ਜੇਕਰ ਇਹ ਸੱਤਾਧਾਰੀ ਪਾਰਟੀ ਦੇ ਇਸ਼ਾਰੇ ’ਤੇ ਹੋਇਆ ਹੈ, ਤਾਂ ਇਹ ਕਾਇਰਤਾ ਦੀ ਨਿਸ਼ਾਨੀ ਹੈ।’’ ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਸਮਾਜਵਾਦੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਇੱਕ ‘ਗਲਤੀ’ ਹੈ।
ਸਮਾਰਵਾਦੀ ਪਾਰਟੀ ਦੇ ਤਰਜਮਾਨ ਫਖਰੂਲ ਹਸਨ ਚੰਦ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਸਰਕਾਰ ’ਤੇ ਅਸਹਿਮਤੀ ਨੂੰ ਦਬਾਉਣ ਦਾ ਦੋਸ਼ ਲਗਾਇਆ।
ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ, ‘‘ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਕੌਮੀ ਪ੍ਰਧਾਨ ਸਤਿਕਾਰਯੋਗ ਅਖਿਲੇਸ਼ ਯਾਦਵ ਜੀ ਦੇ ਫੇਸਬੁੱਕ ਅਕਾਊਂਟ ਨੂੰ ਮੁਅੱਤਲ ਕਰਨਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ। ਭਾਜਪਾ ਸਰਕਾਰ ਨੇ ਇੱਕ ਅਣਐਲਾਨੀ ਐਮਰਜੈਂਸੀ ਲਗਾਈ ਹੈ, ਹਰ ਵਿਰੋਧੀ ਆਵਾਜ਼ ਨੂੰ ਚੁੱਪ ਕਰਵਾ ਦਿੱਤਾ ਹੈ ਪਰ ਸਮਾਜਵਾਦੀ ਪਾਰਟੀ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀ ਰਹੇਗੀ।’’
Meta (ਫੇਸਬੁੱਕ ਦੀ ਮੂਲ ਕੰਪਨੀ) ਵੱਲੋਂ ਮੁਅੱਤਲੀ ਦੇ ਕਾਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।