ਅਖਿਲੇਸ਼ ਯਾਦਵ ਦਾ ਫੇਸਬੁੱਕ ਖਾਤਾ ਬਹਾਲ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਅਧਿਕਾਰਤ ਫੇਸਬੁੱਕ ਅਕਾਊਂਟ, ਜਿਸ ਨੂੰ ਪਹਿਲਾਂ ਕਥਿਤ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ, ਬਹਾਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਅਖਿਲੇਸ਼ ਦਾ ਖਾਤਾ ਫੇਸਬੁੱਕ ਨੇ ਬਲਾਕ ਕੀਤਾ ਸੀ ਅਤੇ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਸੀ। ਅਖਿਲੇਸ਼ ਨੇ ਆਪਣੇ ਅਕਾਊਂਟ ’ਤੇ ਸਮਾਜਵਾਦੀ ਨੇਤਾ ਜੈਪ੍ਰਕਾਸ਼ ਨਾਰਾਇਣ ਦੀ ਜੈਅੰਤੀ ਮੌਕੇ ਸ਼ਨਿਚਰਵਾਰ ਸਵੇਰੇ ਉਨ੍ਹਾਂ ਦਾ ਇਕ ਕਥਨ ਸਾਂਝਾ ਕੀਤਾ ਸੀ। ਉਨ੍ਹਾਂ ਪੋਸਟ ’ਚ ਲਿਖਿਆ, ‘‘ਸੰਪੂਰਨ ਕ੍ਰਾਂਤੀ ਦਾ ਮੇਰਾ ਮਤਲਬ ਸਮਾਜ ਦੇ ਸਭ ਤੋਂ ਦੱਬੇ-ਕੁਚਲੇ ਵਿਅਕਤੀ ਨੂੰ ਸ਼ਕਤੀ ਦੇ ਸਿਖਰ ’ਤੇ ਦੇਖਣਾ ਹੈ।’’ ਸਮਾਜਵਾਦੀ ਪਾਰਟੀ ਦੇ ਤਰਜਮਾਨ ਦੀਪਕ ਰੰਜਨ ਨੇ ਸੋਸ਼ਲ ਮੀਡੀਆ ਪੇਜ ਦੀ ਮੁਅੱਤਲੀ ਅਤੇ ਬਾਅਦ ਵਿੱਚ ਬਹਾਲੀ ਦੀ ਪੁਸ਼ਟੀ ਕੀਤੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਾਜੇਂਦਰ ਚੌਧਰੀ ਨੇ ਦੱਸਿਆ, ‘‘ਮੈਨੂੰ ਪਤਾ ਨਹੀਂ ਹੈ ਕਿ ਇਸ ਨੂੰ ਬਹਾਲ ਕੀਤਾ ਗਿਆ ਹੈ ਪਰ ਮੁੱਖ ਮੁੱਦਾ ਇਹ ਹੈ ਕਿ ਇਸ ਦੀ ਮੁਅੱਤਲੀ ਪਿੱਛੇ ਕੌਣ ਸੀ? ਇਹ ਕਾਰਵਾਈ ਲੋਕਤੰਤਰੀ ਰਾਏ ਅਤੇ ਸਚਾਈ ਨੂੰ ਰੋਕਣ ਦੀ ਸਪੱਸ਼ਟ ਕੋਸ਼ਿਸ਼ ਸੀ।’’