ਅਜਮੇਰ ਦਰਗਾਹ ਸਰਵੇਖਣ: ਸਾਬਕਾ ਨੌਕਰਸ਼ਾਹਾਂ ਨੇ ਮੋਦੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 1 ਦਸੰਬਰ
ਅਜਮੇਰ ਸ਼ਰੀਫ਼ ਦਰਗਾਹ ਦੇ ਸਰਵੇਖਣ ਦੇ ਇਕ ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਮਗਰੋਂ ਸਾਬਕਾ ਨੌਕਰਸ਼ਾਹਾਂ ਅਤੇ ਕੂਟਨੀਤਕਾਂ ਦੇ ਇਕ ਗਰੁੱਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਸਾਰੀਆਂ ‘ਗ਼ੈਰਕਾਨੂੰਨੀ ਅਤੇ ਹਾਨੀਕਾਰਕ’ ਗਤੀਵਿਧੀਆਂ ਰੋਕਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ ਜੋ ਭਾਰਤ ਦੇ ਸੱਭਿਅਕ ਵਿਰਸੇ ’ਤੇ ‘ਵਿਚਾਰਕ ਹਮਲਾ’ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਮੁਲਕ ਦੇ ਵਿਚਾਰ ਨੂੰ ਢਾਹ ਲਾਉਂਦੀਆਂ ਹਨ। ਸਾਬਕਾ ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਹੀ ਅਜਿਹੀਆਂ ਸਰਗਰਮੀਆਂ ਨੂੰ ਰੋਕ ਸਕਦੇ ਹਨ। ਉਨ੍ਹਾਂ ਮੋਦੀ ਨੂੰ ਇਹ ਵੀ ਚੇਤੇ ਕਰਵਾਇਆ ਕਿ 12ਵੀਂ ਸਦੀ ਦੇ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ’ਤੇ ਸਾਲਾਨਾ ਉਰਸ ਮੌਕੇ ਉਨ੍ਹਾਂ ਖੁਦ ਚਾਦਰ ਭੇਜੀ ਸੀ। ਪੱਤਰ ਲਿਖਣ ਵਾਲੇ ਅਧਿਕਾਰੀਆਂ ’ਚ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਬਰਤਾਨੀਆ ’ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸ਼ਿਵ ਮੁਖਰਜੀ, ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ, ਥਲ ਸੈਨਾ ਦੇ ਸਾਬਕਾ ਵਾਈਸ ਚੀਫ਼ ਲੈਫ਼ਟੀਨੈਂਟ ਜਨਰਲ ਜ਼ਮੀਰੂਦੀਨ ਸ਼ਾਹ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਰਵੀ ਵੀਰਾ ਗੁਪਤਾ ਸ਼ਾਮਲ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ 29 ਨਵੰਬਰ ਨੂੰ ਲਿਖੇ ਪੱਤਰ ’ਚ ਇਹ ਵੀ ਕਿਹਾ ਹੈ ਕਿ ਹਿੰਦੂ ਹਿੱਤਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਅਣਪਛਾਤੇ ਧੜਿਆਂ ਨੇ ਧਾਰਮਿਕ ਸਥਾਨਾਂ ’ਤੇ ਮੰਦਰ ਹੋਣ ਦਾ ਦਾਅਵਾ ਕਰਨ ਲਈ ਮੱਧਯੁਗੀ ਮਸਜਿਦਾਂ ਅਤੇ ਦਰਗਾਹਾਂ ਦੇ ਪੁਰਾਤੱਤ ਸਰਵੇਖਣਾਂ ਦੀ ਮੰਗ ਕੀਤੀ ਹੈ। -ਪੀਟੀਆਈ