ਹਵਾ ਪ੍ਰਦੂਸ਼ਣ ਵੱਡਾ ਖ਼ਤਰਾ ਕਰਾਰ
ਕਾਂਗਰਸ ਨੇ ਅੱਜ ਕਿਹਾ ਕਿ ਭਾਰਤ ਦਾ ਹਵਾ ਪ੍ਰਦੂਸ਼ਣ ਸੰਕਟ ਹੁਣ ਸਿਰਫ਼ ਸਾਹ ਨਾਲ ਸਬੰਧਤ ਮੁੱਦਾ ਨਹੀਂ ਰਿਹਾ, ਸਗੋਂ ਇਹ ਸਾਡੇ ਦਿਮਾਗ ਅਤੇ ਸਰੀਰ ’ਤੇ ਵੀ ਹਮਲਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕੌਮੀ ਸਾਫ ਹਵਾ ਪ੍ਰੋਗਰਾਮ (ਐੱਨ ਸੀ ਏ ਪੀ) ਵਿੱਚ ਵੱਡੇ ਪੱਧਰ ’ਤੇ ਤਬਦੀਲੀ ਕਰਨ ਅਤੇ ਕੌਮੀ ਵਾਯੂਮੰਡਲੀ ਹਵਾ ਗੁਣਵੱਤਾ ਮਾਪਦੰਡਾਂ ਨੂੰ ਤੁਰੰਤ ਅਪਡੇਟ ਕਰਨ ਦੀ ਮੰਗ ਕੀਤੀ।
ਕਾਂਗਰਸ ਦੇ ਸੰਚਾਰ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜ਼ੋਰ ਦੇ ਕੇ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਵਿਗੜ ਰਹੀ ਹੈ ਅਤੇ ਇਹ ਸਾਡੇ ਸਮਾਜ, ਸਿਹਤ ਸੰਭਾਲ ਪ੍ਰਣਾਲੀ ਅਤੇ ਭਵਿੱਖ ਦੀ ਕਾਰਜ-ਸ਼ਕਤੀ ਲਈ ਕੌਮੀ ਸੁਰੱਖਿਆ ਖਤਰਾ ਹੈ। ਸਾਬਕਾ ਵਾਤਾਵਰਨ ਮੰਤਰੀ ਨੇ ਕਿਹਾ, ‘‘ਭਾਰਤ ਦਾ ਹਵਾ ਪ੍ਰਦੂਸ਼ਣ ਸੰਕਟ ਹੁਣ ਸਿਰਫ਼ ਸਾਹ ਦੀ ਸਮੱਸਿਆ ਨਹੀਂ ਰਿਹਾ। ਇਹ ਹੁਣ ਸਾਡੇ ਦਿਮਾਗ ਅਤੇ ਸਰੀਰ ’ਤੇ ਪੂਰੀ ਤਰ੍ਹਾਂ ਹਮਲਾ ਹੈ। 2023 ਵਿੱਚ ਭਾਰਤ ’ਚ ਲਗਪਗ 20 ਲੱਖ ਮੌਤਾਂ ਹਵਾ ਪ੍ਰਦੂਸ਼ਣ ਨਾਲ ਸਬੰਧਤ ਸਮੱਸਿਆਵਾਂ ਕਾਰਨ ਹੋਈਆਂ ਸਨ। ਇਸ ਤਰ੍ਹਾਂ 2000 ਤੋਂ ਬਾਅਦ ਇਸ ਵਿੱਚ 43 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਪੀ ਐੱਮ2.5 ਲਈ ਸਾਡਾ ਮੌਜੂਦਾ ਮਾਪਦੰਡ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਦੇ ਸਾਲਾਨਾ ਦਿਸ਼ਾ-ਨਿਰਦੇਸ਼ਾਂ ਨਾਲੋਂ 8 ਗੁਣਾ ਅਤੇ 24-ਘੰਟੇ ਦੇ ਦਿਸ਼ਾ-ਨਿਰਦੇਸ਼ਾਂ ਨਾਲੋਂ 4 ਗੁਣਾ ਵੱਧ ਹੈ। 2017 ਵਿੱਚ ਕੌਮੀ ਸਾਫ ਹਵਾ ਪ੍ਰੋਗਰਾਮ (ਐੱਨ ਸੀ ਏ ਪੀ) ਸ਼ੁਰੂ ਹੋਣ ਦੇ ਬਾਵਜੂਦ ਪੀ ਐੱਮ 2.5 ਦਾ ਪੱਧਰ ਵਧਦਾ ਰਿਹਾ ਹੈ। ਸਾਨੂੰ ਐੱਨ ਸੀ ਏ ਪੀ ਨੂੰ ਪੂਰੀ ਤਰ੍ਹਾਂ ਸੋਧਣ ਅਤੇ ਕੌਮੀ ਵਾਯੂਮੰਡਲੀ ਹਵਾ ਗੁਣਵੱਤਾ ਮਾਪਦੰਡਾਂ ਨੂੰ ਵੀ ਤੁਰੰਤ ਅਪਡੇਟ ਕਰਨ ਦੀ ਲੋੜ ਹੈ, ਜੋ ਆਖਰੀ ਵਾਰ ਨਵੰਬਰ 2009 ਵਿੱਚ ਜਾਰੀ ਕੀਤੇ ਗਏ ਸਨ।’’
