ਏਅਰ ਇੰਡੀਆ ਵੱਲੋਂ ਪਹਿਲੀ ਸਤੰਬਰ ਤੋਂ ਵਾਸ਼ਿੰਗਟਨ ਲਈ ਉਡਾਣਾਂ ਮੁਅੱਤਲ
ਏਅਰ ਇੰਡੀਆ 1 ਸਤੰਬਰ ਤੋਂ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਵਿਚਾਲੇ ਉਡਾਣਾਂ ਮੁਅੱਤਲ ਕਰੇਗੀ ਕਿਉਂਕਿ ‘ਰੈਟਰੋਫਿਟ’ ਪ੍ਰੋਗਰਾਮ (ਮੁਰੰਮਤ ਕਾਰਜ) ਦੇ ਚਲਦਿਆਂ ਕਈ ਬੋਇੰਗ 787 ਡਰੀਮਲਾਈਨਰ ਜਹਾਜ਼ ਸੰਚਾਲਨ ਲਈ ਉਪਲੱਬਧ ਨਹੀਂ ਹੋਣਗੇ। ਹਵਾਬਾਜ਼ੀ ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਇੱਕ ਬਿਆਨ ’ਚ ਕਿਹਾ, ‘ਇਹ ਮੁਅੱਤਲੀ ਮੁੱਖ ਤੌਰ ’ਤੇ ਏਅਰ ਇੰਡੀਆ ਦੇ ਬੇੜੇ ’ਚ ਆਉਣ ਵਾਲੀ ਨਿਰਧਾਰਤ ਘਾਟ ਕਾਰਨ ਹੈ, ਕਿਉਂਕਿ ਏਅਰ ਲਾਈਨ ਨੇ ਪਿਛਲੇ ਮਹੀਨੇ ਆਪਣੇ 26 ਬੋਇੰਗ 787-8 ਜਹਾਜ਼ਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੈ। ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਇਸ ਵੱਡੇ ਪੱਧਰ ’ਤੇ ਮੁਰੰਮਤ ਦੇ ਕੰਮ ਕਾਰਨ ਘੱਟ ਤੋਂ ਘੱਟ 2026 ਦੇ ਅਖੀਰ ਤੱਕ ਕਿਸੇ ਵੀ ਮਿਆਦ ’ਚ ਕਈ ਜਹਾਜ਼ਾਂ ਦੀ ਲੰਮੇ ਸਮੇਂ ਤੱਕ ਘਾਟ ਬਣੀ ਰਹਿ ਸਕਦੀ ਹੈ।’ ਬਿਆਨ ਅਨੁਸਾਰ, ‘ਇਸ ਦੇ ਨਾਲ ਹੀ ਪਾਕਿਸਤਾਨ ਦੇ ਉਪਰਲੇ ਹਵਾਈ ਖੇਤਰ ਦੇ ਲਗਾਤਾਰ ਬੰਦ ਰਹਿਣ ਕਾਰਨ ਵੀ ਏਅਰ ਲਾਈਨ ਦੀ ਲੰਮੀ ਦੂਰੀ ਦੀਆਂ ਸੇਵਾਵਾਂ ’ਤੇ ਅਸਰ ਪੈ ਰਿਹਾ ਹੈ ਕਿਉਂਕਿ ਉਡਾਣਾਂ ਦਾ ਮਾਰਗ ਲੰਮਾ ਹੋ ਜਾਂਦਾ ਹੈ ਤੇ ਸੰਚਾਲਨ ਸਬੰਧੀ ਪ੍ਰੇਸ਼ਾਨੀਆਂ ਵੀ ਵਧ ਜਾਂਦੀਆਂ ਹਨ।’ ਏਅਰ ਲਾਈਨ ਨੇ ਕਿਹਾ ਕਿ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਵਿਚਾਲੇ ਉਡਾਣਾਂ ਨੂੰ ਸੰਚਾਲਨ ਸਬੰਧੀ ਕਈ ਕਾਰਨਾਂ ਕਰਕੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।