ਏਅਰ ਇੰਡੀਆ ਜਹਾਜ਼ ਹਾਦਸਾ: ਸੁਪਰੀਮ ਕੋੋਰਟ ਵੱਲੋਂ ਪਾਇਲਟ ਦੇ ਪਿਤਾ ਨੂੰ ਦਿਲਾਸਾ, ‘ਪਾਇਲਟ ਨੂੰ ਦੋਸ਼ੀ ਨਾ ਠਹਿਰਾਓ, ਆਪਣੇ ’ਤੇ ਬੋਝ ਨਾ ਪਾਓ’
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਉਨ੍ਹਾਂ ਦੀ ਅਰਜ਼ੀ 'ਤੇ ਕੇਂਦਰ ਅਤੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੂੰ ਨੋਟਿਸ ਜਾਰੀ ਕੀਤਾ।
ਬੈਂਚ ਨੇ ਕਿਹਾ, "ਤੁਹਾਨੂੰ ਆਪਣੇ ਉੱਤੇ ਬੋਝ ਨਹੀਂ ਪਾਉਣਾ ਚਾਹੀਦਾ। ਜਹਾਜ਼ ਹਾਦਸੇ ਲਈ ਪਾਇਲਟ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇਹ ਇੱਕ ਹਾਦਸਾ ਸੀ। ਸ਼ੁਰੂਆਤੀ ਰਿਪੋਰਟ ਵਿੱਚ ਵੀ ਉਸਦੇ ਵਿਰੁੱਧ ਕੋਈ ਇਸ਼ਾਰਾ ਨਹੀਂ ਹੈ।’’
ਪਾਇਲਟ ਦੇ ਪਿਤਾ, ਪੁਸ਼ਕਰਾਜ ਸਭਰਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੋਪਾਲ ਸੰਕਰਨਾਰਾਇਣਨ ਨੇ ਕਿਹਾ ਕਿ ਅਮਰੀਕੀ ਪ੍ਰਕਾਸ਼ਨ 'ਵਾਲ ਸਟ੍ਰੀਟ ਜਰਨਲ' ਵਿੱਚ ਪਾਇਲਟ, ਕੈਪਟਨ ਸੁਮੀਤ ਸਭਰਵਾਲ ਬਾਰੇ ਇੱਕ ਖ਼ਬਰ ਲੇਖ ਛਪਿਆ ਸੀ।
ਬੈਂਚ ਨੇ ਜਵਾਬ ਦਿੱਤਾ, "ਉਹ ਭਾਰਤ ਨੂੰ ਦੋਸ਼ੀ ਠਹਿਰਾਉਣ ਲਈ ਸਿਰਫ ਭੈੜੀ ਰਿਪੋਰਟਿੰਗ ਸੀ।"
ਬੈਂਚ ਨੇ 12 ਜੁਲਾਈ ਨੂੰ ਜਾਰੀ ਕੀਤੀ ਗਈ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ (AAIB) ਦੀ ਸ਼ੁਰੂਆਤੀ ਰਿਪੋਰਟ ਦਾ ਇੱਕ ਪੈਰਾ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਕਿਤੇ ਵੀ ਇਹ ਨਹੀਂ ਕਿਹਾ ਗਿਆ ਹੈ ਕਿ ਹਾਦਸੇ ਲਈ ਪਾਇਲਟ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਇਹ ਸਿਰਫ ਜਹਾਜ਼ ਦੇ ਦੋ ਪਾਇਲਟਾਂ ਵਿਚਕਾਰ ਗੱਲਬਾਤ ਦਾ ਹਵਾਲਾ ਦਿੰਦਾ ਹੈ।
ਬੈਂਚ ਨੇ ਕਿਹਾ, ‘‘AAIB ਜਾਂਚ ਦਾ ਦਾਇਰਾ ਦੋਸ਼ ਲਗਾਉਣਾ ਨਹੀਂ ਹੈ, ਬਲਕਿ ਭਵਿੱਖ ਦੀਆਂ ਤ੍ਰਾਸਦੀਆਂ ਤੋਂ ਬਚਣ ਲਈ ਰੋਕਥਾਮ ਦੇ ਉਪਾਅ ਸੁਝਾਉਣਾ ਹੈ। ਜੇ ਲੋੜ ਪਈ, ਤਾਂ ਅਸੀਂ ਸਪੱਸ਼ਟ ਕਰਾਂਗੇ ਕਿ ਪਾਇਲਟ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।’’
ਅਦਾਲਤ ਨੇ ਇਸ ਮਾਮਲੇ ਨੂੰ 10 ਨਵੰਬਰ ਨੂੰ ਇਸ ਘਟਨਾ ਬਾਰੇ ਹੋਰ ਲੰਬਿਤ ਪਟੀਸ਼ਨਾਂ ਦੇ ਨਾਲ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ।
ਪਿਛਲੇ ਮਹੀਨੇ ਪੁਸ਼ਕਰਾਜ ਸਭਰਵਾਲ ਅਤੇ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਹਵਾਈ ਹਾਦਸੇ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। 91 ਸਾਲਾ ਪਿਤਾ ਨੇ ਇਸ ਦੁਖਾਂਤਕ ਘਟਨਾ ਦੀ "ਨਿਰਪੱਖ, ਪਾਰਦਰਸ਼ੀ ਅਤੇ ਤਕਨੀਕੀ ਤੌਰ 'ਤੇ ਮਜ਼ਬੂਤ" ਜਾਂਚ ਦੀ ਮੰਗ ਕੀਤੀ ਹੈ। -ਪੀਟੀਆਈ
