ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਿਆ
ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ ਬੋਇੰਗ 777 ਜਹਾਜ਼, ਜਿਸ ਨੇ ਬੁੱਧਵਾਰ ਨੂੰ ਤੜਕੇ 1.50 ਵਜੇ ਨਿਊਆਰਕ ਲਈ ਉਡਾਣ ਭਰੀ ਸੀ। ਮੁੰਬਈ ਵਾਪਸ ਪਰਤਣ ਤੋਂ ਪਹਿਲਾਂ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਿਹਾ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, ‘‘22 ਅਕਤੂਬਰ ਨੂੰ ਮੁੰਬਈ ਤੋਂ ਨਿਊਆਰਕ ਲਈ ਉਡਾਣ ਭਰਨ ਵਾਲੀ ਫਲਾਈਟ AI191 ਦੇ ਚਾਲਕ ਦਲ ਨੇ ਇੱਕ ਸ਼ੱਕੀ ਤਕਨੀਕੀ ਖਰਾਬੀ ਕਾਰਨ ਤੁਰੰਤ ਸੁਰੱਖਿਆ ਉਪਾਅ ਵਜੋਂ ਮੁੰਬਈ ਲਈ ਹਵਾਈ-ਵਾਪਸੀ (air-return) ਕੀਤੀ। ਉਡਾਣ ਸੁਰੱਖਿਅਤ ਢੰਗ ਨਾਲ ਮੁੰਬਈ ਵਿੱਚ ਵਾਪਸ ਉਤਰੀ ਅਤੇ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ।’’
ਏਅਰ ਇੰਡੀਆ ਨੇ ਦੱਸਿਆ ਕਿ AI191 ਅਤੇ AI144 (ਜੋ ਨਿਊਆਰਕ ਤੋਂ ਮੁੰਬਈ ਲਈ ਸੰਚਾਲਿਤ ਹੋਣੀ ਸੀ) ਰੱਦ ਕਰ ਦਿੱਤੀਆਂ ਗਈਆਂ ਹਨ। ਮੁੰਬਈ ਵਿੱਚ ਪ੍ਰਭਾਵਿਤ ਸਾਰੇ ਯਾਤਰੀਆਂ ਨੂੰ ਹੋਟਲ ਵਿੱਚ ਠਹਿਰਨ ਦੀ ਸਹੂਲਤ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੰਜ਼ਿਲ ’ਤੇ ਭੇਜਣ ਲਈ ਏਅਰ ਇੰਡੀਆ ਅਤੇ ਹੋਰ ਏਅਰਲਾਈਨਾਂ ਦੀਆਂ ਬਦਲਵੇਂ ਉਡਾਣਾਂ ’ਤੇ ਮੁੜ ਬੁੱਕ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਯਾਤਰੀਆਂ ਦੀ ਗਿਣਤੀ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।
ਏਅਰਲਾਈਨ ਨੇ ਕਿਹਾ ਕਿ ਨਿਊਆਰਕ ਤੋਂ AI144 ਦੇ ਯਾਤਰੀਆਂ ਨੂੰ ਵੀ ਉਡਾਣ ਰੱਦ ਹੋਣ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਲਦੀ ਤੋਂ ਜਲਦੀ ਬਦਲਵੇਂ ਪ੍ਰਬੰਧਾਂ ਰਾਹੀਂ ਸਹਾਇਤਾ ਕੀਤੀ ਜਾ ਰਹੀ ਹੈ।