1962 ਦੀ ਜੰਗ ’ਚ ਚੀਨੀ ਹਮਲੇ ਦੀ ਰਫ਼ਤਾਰ ਰੋਕ ਸਕਦੀ ਸੀ ਹਵਾਈ ਫ਼ੌਜ: ਚੌਹਾਨ
ਚੀਫ਼ ਆਫ਼ ਡਿਫੈਂਸ ਸਟਾਫ਼ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ 1962 ਦੀ ਭਾਰਤ-ਚੀਨ ਜੰਗ ਦੌਰਾਨ ਹਵਾਈ ਫ਼ੌਜ ਦੀ ਵਰਤੋਂ ਚੀਨੀ ਹਮਲੇ ਦੀ ਰਫ਼ਤਾਰ ਨੂੰ ਕਾਫ਼ੀ ਘਟਾ ਸਕਦੀ ਸੀ ਅਤੇ ਇਸ ਨਾਲ ਫੌਜ ਨੂੰ ਤਿਆਰੀ ਲਈ ਕਾਫੀ ਜ਼ਿਆਦਾ ਸਮਾਂ ਮਿਲ ਜਾਂਦਾ।
63 ਸਾਲ ਪਹਿਲਾਂ ਚੀਨ ਨਾਲ ਹੋਈ ਜੰਗ ਬਾਰੇ ਗੱਲ ਕਰਦਿਆਂ ਜਨਰਲ ਚੌਹਾਨ ਨੇ ਕਿਹਾ ਕਿ ਫਾਰਵਰਡ ਪਾਲਿਸੀ ਨੂੰ ਲੱਦਾਖ ਅਤੇ ਨੇਫਾ (ਨੌਰਥ-ਈਸਟ ਫਰੰਟੀਅਰ ਏਜੰਸੀ) ਜਾਂ ਮੌਜੂਦਾ ਅਰੁਣਾਚਲ ਪ੍ਰਦੇਸ਼ ’ਤੇ ਇੱਕੋ ਜਿਹੇ ਢੰਗ ਨਾਲ ਲਾਗੂ ਨਹੀਂ ਕਰਨਾ ਚਾਹੀਦਾ ਸੀ। ਜਨਰਲ ਚੌਹਾਨ ਨੇ ਇਹ ਟਿੱਪਣੀਆਂ ਪੁਣੇ ਵਿੱਚ ਮਰਹੂਮ ਲੈਫ਼ਟੀਨੈਂਟ ਜਨਰਲ ਐੱਸ ਪੀ ਪੀ ਥੋਰਾਟ ਦੀ ਸੋਧੀ ਹੋਈ ਸਵੈ-ਜੀਵਨੀ ‘ਰਿਵੈਲੀ ਟੂ ਰੀਟਰੀਟ’ ਦੇ ਰਿਲੀਜ਼ ਮੌਕੇ ਇਕ ਵੀਡੀਓ ਸੁਨੇਹੇ ਵਿੱਚ ਕੀਤੀਆਂ। ਲੈਫ਼ਟੀਨੈਂਟ ਜਨਰਲ ਥੋਰਾਟ, ਭਾਰਤ-ਚੀਨ ਜੰਗ ਤੋਂ ਪਹਿਲਾਂ ਪੂਰਬੀ ਕਮਾਂਡ ਦੇ ਜਨਰਲ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਸਨ। ਜਨਰਲ ਚੌਹਾਨ ਨੇ ਕਿਹਾ ਕਿ ਲੈਫ਼ਟੀਨੈਂਟ ਜਨਰਲ ਥੋਰਾਟ ਦੀ ਸਵੈ-ਜੀਵਨੀ ਸਿਪਾਹੀ ਦੀ ਯਾਦ ਤੋਂ ਕਿਤੇ ਵੱਧ ਹੈ ਅਤੇ ਇਹ ਲੀਡਰਸ਼ਿਪ, ਰਣਨੀਤੀ ਤੇ ਭਾਰਤ ਦੇ ਫੌਜੀ ਇਤਿਹਾਸ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਦੀ ਹੈ।
ਸੀ ਡੀ ਐੱਸ ਨੇ ਕਿਹਾ ਕਿ ਲੈਫ਼ਟੀਨੈਂਟ ਜਨਰਲ ਥੋਰਾਟ ਨੇ ਭਾਰਤੀ ਹਵਾਈ ਸੈਨਾ ਦੀ ਵਰਤੋਂ ਬਾਰੇ ਸੋਚਿਆ ਸੀ, ਪਰ ਤਤਕਾਲੀ ਸਰਕਾਰ ਨੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਸੀ ਡੀ ਐੱਸ ਨੇ ਕਿਹਾ, ‘‘ਉਨ੍ਹਾਂ ਨੂੰ 1962 ਦੇ ਸੰਘਰਸ਼ ਦੌਰਾਨ ਇੱਕ ਮਹੱਤਵਪੂਰਨ ਫਾਇਦਾ ਮਿਲਣਾ ਸੀ। ਹਵਾਈ ਸ਼ਕਤੀ ਦੀ ਵਰਤੋਂ ਜੇ ਚੀਨੀ ਹਮਲੇ ਨੂੰ ਰੋਕਦੀ ਨਾ ਤਾਂ ਕਾਫ਼ੀ ਹੌਲੀ ਤਾਂ ਕਰ ਹੀ ਦਿੰਦੀ। ਇਸ ਨਾਲ ਫੌਜ ਨੂੰ ਤਿਆਰੀ ਲਈ ਕਾਫੀ ਜ਼ਿਆਦਾ ਸਮਾਂ ਮਿਲ ਜਾਂਦਾ।’’ ਉਨ੍ਹਾਂ ਕਿਹਾ, ‘‘ਮੇਰਾ ਖਿਆਲ ਹੈ ਕਿ ਹੁਣ ਅਜਿਹਾ ਨਹੀਂ ਹੈ ਅਤੇ ‘ਅਪਰੇਸ਼ਨ ਸਿੰਧੂਰ’ ਇਸ ਦੀ ਢੁਕਵੀਂ ਉਦਾਹਰਨ ਹੈ।’’
ਫਾਰਵਰਡ ਪਾਲਿਸੀ ਨੂੰ ਲੱਦਾਖ ਅਤੇ ਨੇਫਾ ’ਚ ਲਾਗੂ ਕਰਨਾ ਗਲਤ
ਸੀ ਡੀ ਐੱਸ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਫਾਰਵਰਡ ਪਾਲਿਸੀ ਅਤੇ 1962 ਦੀ ਜੰਗ ਦੌਰਾਨ ਭਾਰਤੀ ਹਵਾਈ ਸੈਨਾ ਦੀ ਵਰਤੋਂ ਨਾ ਕਰਨ ਬਾਰੇ ਬੋਲਣ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਇਸ ਸਮੇਂ ਫਾਰਵਰਡ ਪਾਲਿਸੀ ਦੀ ਬਾਰੇ ਟਿੱਪਣੀ ਕਰਨਾ ਥੋੜ੍ਹਾ ਮੁਸ਼ਕਿਲ ਹੈ। ਸਾਡੇ ਵਿਚਾਰ ਕਈ ਕਾਰਨਾਂ ਕਰ ਕੇ ਪ੍ਰਭਾਵਿਤ ਹੋਣਗੇ, ਜਿਵੇਂ ਕਿ ਭੂਗੋਲ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਭੂ-ਰਾਜਨੀਤੀ ਵੀ ਬਦਲ ਗਈ ਹੈ।’’ ਜਨਰਲ ਚੌਹਾਨ ਨੇ ਕਿਹਾ ਕਿ ਸਾਲਾਂ ਦੌਰਾਨ, ਸੁਰੱਖਿਆ ਸਥਿਤੀ ਬਦਲ ਗਈ ਹੈ ਅਤੇ ਫੌਜੀ ਤਾਕਤਾਂ ਦਾ ਪੱਧਰ ਵੀ ਬਦਲ ਗਿਆ ਹੈ। ਉਨ੍ਹਾਂ ਕਿਹਾ, ‘‘ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ ਫਾਰਵਰਡ ਪਾਲਿਸੀ ਨੂੰ ਲੱਦਾਖ ਅਤੇ ਨੇਫਾ ’ਤੇ ਇੱਕੋ ਜਿਹੇ ਢੰਗ ਨਾਲ ਲਾਗੂ ਨਹੀਂ ਕਰਨਾ ਚਾਹੀਦਾ ਸੀ। ਦੋਵਾਂ ਖੇਤਰਾਂ ਵਿੱਚ ਵਿਵਾਦਾਂ ਦਾ ਇਤਿਹਾਸ ਬਹੁਤ ਵੱਖਰਾ ਸੀ, ਵੱਖਰਾ ਸੁਰੱਖਿਆ ਸੰਦਰਭ ਸੀ ਅਤੇ ਭੂਗੋਲਿਕ ਸਥਿਤੀ ਵੀ ਬਿਲਕੁਲ ਵੱਖਰੀ ਸੀ।’’ ਉਨ੍ਹਾਂ ਕਿਹਾ, ‘‘ਲੱਦਾਖ ਵਿੱਚ, ਚੀਨ ਪਹਿਲਾਂ ਹੀ ਭਾਰਤੀ ਖੇਤਰ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਚੁੱਕਾ ਸੀ, ਜਦੋਂ ਕਿ ਨੇਫਾ ਵਿੱਚ ਭਾਰਤ ਦੇ ਦਾਅਵੇ ਦੀ ਵੈਧਤਾ ਜ਼ਿਆਦਾ ਮਜ਼ਬੂਤ ਸੀ। ਮੇਰੇ ਵਿਚਾਰ ਅਨੁਸਾਰ, ਦੋਹਾਂ ਨੂੰ ਇੱਕੋ ਵਰਗਾ ਮੰਨਣਾ ਅਤੇ ਦੋਹਾਂ ਲਈ ਇੱਕੋ ਜਿਹੀਆਂ ਨੀਤੀਆਂ ਅਪਣਾਉਣਾ ਥੋੜ੍ਹਾ ਗਲਤ ਸੀ।’’