ਹਵਾਈ ਫ਼ੌਜ ਕੁਝ ਦਿਨਾਂ ਅੰਦਰ ਜੰਗ ਦੇ ਨਤੀਜੇ ਬਦਲ ਸਕਦੀ ਹੈ: ਏਅਰ ਚੀਫ ਮਾਰਸ਼ਲ
ਹਵਾਈ ਫ਼ੌਜ ਮੁਖੀ ਏ ਪੀ ਸਿੰਘ ਨੇ ਅੱਜ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਦੁਸ਼ਮਣ ਦੇ ਟਿਕਾਣਿਆਂ ’ਤੇ ਭਾਰਤੀ ਹਵਾਈ ਫ਼ੌਜ ਦੇ ‘ਬਹਾਦਰੀ ਭਰੇ ਤੇ ਸਹੀ’ ਹਮਲਿਆਂ ਨੇ ਕੌਮੀ ਚੇਤਨਾ ’ਚ ਹਮਲਾਵਰ ਕਾਰਵਾਈ ਦੇ ਢੁੱਕਵੇਂ ਸਥਾਨ ਨੂੰ ਬਹਾਲ ਕੀਤਾ ਹੈ। ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਦੁਨੀਆ ਸਾਹਮਣੇ ਸਾਬਤ ਕਰ ਦਿੱਤਾ ਹੈ ਕਿ ਕੁਝ ਹੀ ਦਿਨਾਂ ਅੰਦਰ ਜੰਗ ਨੂੰ ਨਤੀਜਿਆਂ ਤੱਕ ਪਹੁੰਚਾਉਣ ਲਈ ਹਵਾਈ ਤਾਕਤ ਦੀ ਵਰਤੋਂ ਕਿਸ ਤਰ੍ਹਾਂ ਅਸਰਦਾਰ ਢੰਗ ਨਾਲ ਕੀਤੀ ਜਾ ਸਕਦੀ ਹੈ।
ਏਅਰ ਚੀਫ ਮਾਰਸ਼ਲ ਨੇ ਹਿੰਡਨ ਏਅਰਬੇਸ ’ਤੇ 93ਵੇਂ ਹਵਾਈ ਫ਼ੌਜ ਦਿਵਸ ਮੌਕੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਅਪਰੇਸ਼ਨ ਸਿੰਧੂਰ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ। ਭਾਰਤੀ ਹਵਾਈ ਫ਼ੌਜ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ। ਇਸੇ ਦੌਰਾਨ ਅੱਜ ਇੱਥੇ ‘ਹੈਰੀਟੇਜ ਫਲਾਈਟ’ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਹਿੰਦੁਸਤਾਨ ਟ੍ਰੇਨਰ-2 (ਐੱਚ ਟੀ-2) ਜਹਾਜ਼ ਨੂੰ ਪਹਿਲੀ ਵਾਰ ਹੋਰ ਵਿਰਾਸਤੀ ਜਹਾਜ਼ਾਂ ਨਾਲ ਜਨਤਕ ਤੌਰ ’ਤੇ ਪ੍ਰਦਰਸ਼ਿਤ ਕੀਤਾ ਗਿਆ। ਐੱਚ ਟੀ-2 ਹਵਾਈ ਫ਼ੌਜ ਦਾ ਦੇਸ਼ ਅੰਦਰ ਬਣਿਆ ਪਹਿਲਾ ਹਵਾਈ ਜਹਾਜ਼ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਵਾਈ ਫ਼ੌਜ ਨੂੰ ਇਸ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਹਵਾਈ ਫ਼ੌਜ ਮੁਖੀ ਨੇ ਜਵਾਨਾਂ ਨੂੰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਹਵਾਈ ਫ਼ੌਜ ਦੀ ਯੋਜਨਾ ‘ਨਵੀਆਂ ਖੋਜਾਂ ਦੇ ਪੱਖ ’ਚ, ਵਿਹਾਰਕ ਤੇ ਢੁੱਕਵੀਂ’ ਹੋਣੀ ਚਾਹੀਦੀ ਹੈ ਅਤੇ ਇਸ ਸਿਖਲਾਈ ‘ਜਿਵੇਂ ਅਸੀਂ ਲੜਦੇ ਹਾਂ, ਉਸੇ ਤਰ੍ਹਾਂ ਸਿਖਲਾਈ ਲਈਏ’ ਦੇ ਸਿਧਾਂਤ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਧੂਰ ਦੌਰਾਨ ਸਾਡੇ ਪ੍ਰਦਰਸ਼ਨ ਨੇ ਸਾਡੇ ਪੇਸ਼ੇਵਰ ਪੱਧਰ ਦਾ ਮਾਣ ਵਧਾਇਆ ਹੈ। ਅਸੀਂ ਦੁਨੀਆ ਸਾਹਮਣੇ ਸਾਬਤ ਕਰ ਦਿੱਤਾ ਹੈ ਕਿ ਹਵਾਈ ਫ਼ੌਜ ਦੀ ਵਰਤੋਂ ਕੁਝ ਹੀ ਦਿਨਾਂ ’ਚ ਜੰਗੀ ਨਤੀਜੇ ਬਦਲ ਸਕਦੀ ਹੈ।’ ਉਨ੍ਹਾਂ ਕਿਹਾ, ‘ਸਾਡੇ ਮਜ਼ਬੂਤ ਹਵਾਈ ਰੱਖਿਆ ਢਾਂਚੇ ਅਤੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਲੰਮੀ ਦੂਰੀ ਦੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਹਮਲਾਵਰ ਵਰਤੋਂ ਨੇ ਦੁਸ਼ਮਣ ਦੀ ਸਮਰੱਥਾ ਨੂੰ ਸੀਮਤ ਕਰ ਦਿੱਤਾ ਅਤੇ ਸਾਡੀਆਂ ਅਹਿਮ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਈ।’