ਭਾਰਤੀ ਆਟੋਮੋਬਾਈਲ ਉਦਯੋਗ ਨੂੰ ਦੁਨੀਆ ਦੇ ਸਿਖ਼ਰ ’ਤੇ ਪਹੁੰਚਾਉਣ ਦਾ ਟੀਚਾ: ਗਡਕਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਭਾਰਤ ਦੇ ਆਟੋਮੋਬਾਈਲ ਉਦਯੋਗ ਨੂੰ ਦੁਨੀਆ ਵਿੱਚ ਸਿਖ਼ਰ ’ਤੇ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ‘ਇੰਟਰਨੈਸ਼ਨਲ ਵੈਲਿਊ ਸਮਿਟ 2025’ ਦੇ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਆਟੋਮੋਬਾਈਲ ਸੈਕਟਰ ਸਰਕਾਰ ਨੂੰ ਸਭ ਤੋਂ ਵੱਧ ਜੀ ਐੱਸ ਟੀ ਮਾਲੀਆ ਦਿੰਦਾ ਹੈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਅਰਥਚਾਰਾ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ, ‘ਸਾਡਾ ਟੀਚਾ ਪੰਜ ਸਾਲਾਂ ਦੇ ਅੰਦਰ ਭਾਰਤ ਦੇ ਆਟੋਮੋਬਾਈਲ ਉਦਯੋਗ ਨੂੰ ਦੁਨੀਆ ਵਿੱਚ ਸਿਖਰ ’ਤੇ ਪਹੁੰਚਾਉਣਾ ਹੈ।’ ਗਡਕਰੀ ਨੇ ਕਿਹਾ ਕਿ ਦੁਨੀਆ ਦੀਆਂ ਸਾਰੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਦੇਸ਼ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ, ‘ਜਦੋਂ ਮੈਂ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਭਾਰਤੀ ਆਟੋਮੋਬਾਈਲ ਉਦਯੋਗ 14 ਲੱਖ ਕਰੋੜ ਰੁਪਏ ਦਾ ਸੀ ਅਤੇ ਹੁਣ ਇਹ 22 ਲੱਖ ਕਰੋੜ ਰੁਪਏ ਦਾ ਹੈ।’ ਇਸ ਸਮੇਂ ਅਮਰੀਕੀ ਆਟੋਮੋਬਾਈਲ ਉਦਯੋਗ 78 ਲੱਖ ਕਰੋੜ ਰੁਪਏ ਦਾ ਹੈ। ਇਸ ਤੋਂ ਬਾਅਦ ਚੀਨ (47 ਲੱਖ ਕਰੋੜ ਰੁਪਏ) ਅਤੇ ਭਾਰਤ (22 ਲੱਖ ਕਰੋੜ ਰੁਪਏ) ਦਾ ਨੰਬਰ ਆਉਂਦਾ ਹੈ। ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਅਰਥਚਾਰਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫ਼ਨਾ ਭਾਰਤ ਨੂੰ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣਾ ਹੈ। ਉਨ੍ਹਾਂ ਕਿਹਾ, ‘ਸਾਨੂੰ ਇਸ ਟੀਚੇ ਤੱਕ ਪਹੁੰਚਣ ਲਈ ਵਧੀਆ ਬੁਨਿਆਦੀ ਢਾਂਚਾ ਵਿਕਸਤ ਕਰਨਾ ਪਵੇਗਾ।’